ਵੈਕਸੀਨ ਘੁਟਾਲਾ ਦੇ ਨਾਲ ਹੁਣ 'ਫਤਿਹ ਕਿੱਟ' ਜੰਗ ਹਾਰੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਵੈਕਸੀਨ ਘੁਟਾਲਾ ਤੂਲ ਫੜਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 'ਤੇ ਸਸਤੇ ਭਾਅ ਖ਼ਰੀਦ ਕੀਤੀ ਕੋਰੋਨਾ ਵੈਕਸੀਨ ਨੂੰ ਮਹਿੰਗੇ ਭਾਅ ਵੇਚਣ ਦੇ ਦੋਸ਼ ਲੱਗ ਰਹੇ ਹਨ। ਪਰ ਸਵਾਲ ਇਹ ਹੈ ਕਿ ਸਰਕਾਰ ਨੇ ਮਹਿੰਗੇ ਭਾਅ ਆਖ਼ਰ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚੀ ਹੀ ਕਿਉਂ? ਜੇਕਰ ਮਹਿੰਗੇ ਭਾਅ ਵੈਕਸੀਨ ਵੇਚੀ ਵੀ ਤਾਂ, ਉਕਤ ਵੈਕਸੀਨ ਦਾ 'ਉੱਪਰਲਾ' ਪੈਸਾ ਕਿੱਥੇ ਗਿਆ? ਕੌਣ ਖ਼ਾ ਗਿਆ? 

ਇੱਕ ਪਾਸੇ ਤਾਂ ਜਿੱਥੇ ਵੈਕਸੀਨ ਘੁਟਾਲੇ ਦੇ ਵਿਰੁੱਧ ਅਕਾਲੀ, ਭਾਜਪਾਈ ਅਤੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਲੀਡਰ ਨਵਜੋਤ ਕੌਰ ਸਿੱਧੂ ਵੀ ਆਪਣੀ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀ ਹੈ। ਵੈਕਸੀਨ ਘੁਟਾਲੇ ਦੇ ਨਾਲ ਹੁਣ ਪੰਜਾਬ ਸਰਕਾਰ ਦੀ 'ਫਤਿਹ ਕਿੱਟ' ਵੀ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰੀ ਆ ਰਹੀ ਹੈ ਅਤੇ ਸਰਕਾਰ ਅੱਗੇ ਜੰਗ ਹਾਰਦੀ ਹੋਈ ਵਿਖਾਈ ਦੇ ਰਹੀ ਹੈ। 

ਜਾਣਕਾਰੀ ਦੇ ਮੁਤਾਬਿਕ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੱਲ੍ਹ ਦੋਸ਼ ਲਗਾਇਅ ਕਿ, ਕੋਰੋਨਾ ਮਰੀਜ਼ ਦੇ ਇਲਾਜ਼ ਲਈ ਵਰਤੀ ਜਾਂਦੀ 'ਫਤਿਹ ਕਿੱਟ' ਖਰੀਦਣ ਵਿੱਚ ਵੀ ਪੰਜਾਬ ਦੇ ਖਜ਼ਾਨੇ ਨੂੰ ਅਸਿੱਧੇ ਰੂਪ ਵਿੱਚ ਸਰਕਾਰ ਨੇ ਅੰਦਰ ਡਰਾਕ ਲਿਆ ਹੈ, ਕਿਉਂਕਿ ਸਰਕਾਰ ਨੇ 837 ਰੁਪਏ ਵਾਲੀ ਫਤਿਹ ਕਿੱਟ 1338 ਰੁਪਏ ਵਿੱਚ ਮਹਿੰਗੇ ਮੁੱਲ ਵਿੱਚ ਖਰੀਦ ਕੇ ਪੰਜਾਬ ਵਾਸੀਆਂ ਦੀ ਜੇਬਾਂ 'ਤੇ ਡਾਕਾ ਮਾਰਿਆ ਹੈ।

ਫਤਿਹ ਕਿੱਟ ਖਰੀਦਣ ਲਈ ਕੈਪਟਨ ਸਰਕਾਰ ਨੇ ਪਹਿਲਾਂ ਟੈਂਡਰ 3 ਅਪ੍ਰੈਲ ਮੁਕੰਮਲ ਕੀਤਾ ਸੀ। ਜਿਸ ਵਿੱਚ 837.78 ਰੁਪਏ ਪ੍ਰਤੀ ਕਿੱਟ ਦਾ ਮੁੱਲ ਤੈਅ ਕੀਤਾ ਗਿਆ ਸੀ ਅਤੇ ਇਸ ਟੈਂਡਰ ਰਾਹੀਂ ਫਤਿਹ ਕਿੱਟਾਂ ਦੀ ਸਪਲਾਈ ਦੇਣ ਦਾ 6 ਮਹੀਨੇ ਸਮਾਂ ਨਿਰਧਾਰਤ ਕੀਤਾ ਗਿਆ ਸੀ। ਇਸ ਸਸਤੇ ਟੈਂਡਰ ਦੀ ਥਾਂ 20 ਅਪ੍ਰੈਲ ਨੂੰ ਦੂਜੇ ਟੈਂਡਰ ਰਾਹੀਂ ਫਤਿਹ ਕਿੱਟ 1226.40 ਰੁਪਏ ਦੀ ਖਰੀਦਣ ਲਈ ਸਮਝੌਤਾ ਕੀਤਾ, ਜੋ ਕਿ ਪਹਿਲਾਂ ਮਿਲ ਰਹੀ ਕੀਮਤ ਤੋਂ ਬਹੁਤ ਜ਼ਿਆਦਾ ਸੀ। ਸਰਕਾਰ ਨੇ ਦੂਜੇ ਟੈਂਡਰ ਰਾਹੀਂ 1226.40 ਰੁਪਏ ਦੇ ਹਿਸਾਬ ਨਾਲ 50 ਹਜਾਰ ਫਤਿਹ ਕਿੱਟਾਂ ਖਰੀਦੀਆਂ, ਜਦੋਂ ਕਿ ਸੰਬੰਧਤ ਕੰਪਨੀ ਕੋਲ ਮੈਡੀਕਲ ਲਾਇਸੈਂਸ ਵੀ ਨਹੀਂ ਹੈ।