ਸਰਕਾਰ ਦੀ ਮੁਹਿੰਮ, ਘਰ-ਘਰ ਰੁਜ਼ਗਾਰ ਜਾਂ ਹਰ-ਘਰ ਬੇਰੁਜ਼ਗਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੈਪਟਨ ਅਮਰਿੰਦਰ ਸਿਓਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲੋਂ ਆਖਿਆ ਸੀ ਕਿ, ਸਾਡਾ ਸਰਕਾਰ ਬਣ ਲੈਣ ਦਿਓ, ਘਰ ਘਰ ਰੁਜ਼ਗਾਰ ਦਿਆਂਗੇ। ਜੇਕਰ ਰੁਜ਼ਗਾਰ ਨਾ ਦੇ ਸਕੇ ਤਾਂ, ਬੇਰੁਜ਼ਗਾਰੀ ਭੱਤਾ ਏਨਾ ਦੇ ਦਿਆਂਗੇ ਕਿ ਬੰਦੇ ਦਾ ਮਹੀਨਾ ਵਧੀਆ ਲੰਘ ਜਾਊ। ਵੇਖਿਆ ਜਾਵੇ ਤਾਂ, ਸਰਕਾਰ ਬਣੀ ਨੂੰ ਕਰੀਬ ਸਵਾ ਚਾਰ ਸਾਲ ਹੋ ਚੁੱਕੇ ਹਨ, ਪਰ ਹੁਣ ਤੱਕ ਕੈਪਟਨ ਆਪਣੇ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ ਅਤੇ ਨਾ ਹੀ ਬੇਰੁਜ਼ਗਾਰਾਂ ਨੂੰ ਭੱਤਾ ਦੇ ਸਕੇ ਹਨ। 

ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੁੱਧ ਪੰਜਾਬ ਦੇ ਅੰਦਰ ਨੌਜਵਾਨ ਪੀੜ੍ਹੀ ਦੇ ਵਿੱਚ ਰੋਹ ਵੱਧਦਾ ਜਾ ਰਿਹਾ ਹੈ। ਤਤਕਾਲੀ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਬੇਰੁਜ਼ਗਾਰਾਂ 'ਤੇ ਲਾਠੀਚਾਰਜ ਹੁੰਦੇ ਸਨ ਅਤੇ ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟਿਆ ਜਾਂਦਾ ਸੀ, ਬਿਲਕੁਲ ਅਕਾਲੀ ਭਾਜਪਾ ਦੇ ਰਾਜ ਵਾਂਗ ਹੀ ਹੁਣ ਕੈਪਟਨ ਦੇ ਰਾਜ ਵਿੱਚ ਵੀ ਹੋ ਰਿਹਾ ਹੈ। ਰੁਜ਼ਗਾਰ ਦੀ ਮੰਗ ਕਰਦਿਆਂ 'ਤੇ ਲਾਠੀਚਾਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ 'ਤੇ ਮੁਕੱਦਮੇ ਮੜ੍ਹ ਕੇ ਸਲਾਖ਼ਾਂ ਪਿੱਛੇ ਸੁੱਟੇ ਜਾ ਰਹੇ ਹਨ। 

ਦੱਸਣਾ ਬਣਦਾ ਹੈ ਕਿ, ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਮਸਲਾ ਹੱਲ ਕਰਨ ਦੀ ਬਿਜਾਏ, ਸਰਕਾਰ ਮੀਟਿੰਗ-ਮੀਟਿੰਗ ਵਾਲੀ ਖੇਡ, ਖੇਡ ਰਹੀ ਹੈ। ਰੁਜਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੰਘਰਸ਼ ਕਰ ਰਹੇ ਹਨ। ਅੱਜ 8 ਜੂਨ ਨੂੰ ਜਿਹੜੀ ਮੀਟਿੰਗ ਮੁੱਖ ਸਕੱਤਰ ਪੰਜਾਬ ਸਰਕਾਰ ਵਿੰਨੀ ਮਹਾਜਨ ਨਾਲ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਹੋਣੀ ਸੀ, ਉਸ ਨੂੰ ਸਰਕਾਰ ਨੇ ਇੱਕ ਵਾਰ ਫਿਰ ਮੁਲਤਵੀ ਕਰ ਦਿੱਤਾ ਹੈ।

ਬੇਰੁਜ਼ਗਾਰਾਂ ਵਿੱਚ ਰੋਸ ਹੈ ਕਿ, ਸਰਕਾਰ ਉਨ੍ਹਾਂ ਨੂੰ ਵਾਰ ਵਾਰ ਗੁੰਮਰਾਹ ਕਰਨ 'ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ, ਵਾਅਦਾ ਤਾਂ ਕੈਪਟਨ ਸਰਕਾਰ ਨੇ ਘਰ ਘਰ ਰੁਜ਼ਗਾਰ ਦੇਣ ਦਾ ਕੀਤਾ ਸੀ, ਪਰ ਇਸ ਵਾਅਦੇ ਦੇ ਉਲਟ ਸਰਕਾਰ ਹਰ ਘਰ ਬੇਰੁਜ਼ਗਾਰ ਪੈਦਾ ਕਰਕੇ, ਆਪਣੀ ਮੁਹਿੰਮ ਨੂੰ ਅੱਗੇ ਵਧਾ ਰਹੀ ਹੈ। ਰੁਜ਼ਗਾਰ ਦੀ ਮੰਗ ਖਾਤਰ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਨੇ 11 ਜੂਨ ਨੂੰ ਹੁਣ ਫਿਰ ਤੋਂ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ।