'ਮਹਿੰਗਾਈ' ਦੇ ਗਲ ਰੱਸਾ ਕੌਣ ਪਾਊ? (ਨਿਊਜ਼ਨੰਬਰ ਖ਼ਾਸ ਖ਼ਬਰ)

2014 ਦੀਆਂ ਚੋਣਾਂ ਤੋਂ ਪਹਿਲੋਂ 30/35 ਰੁਪਏ ਲੀਟਰ ਪੈਟਰੋਲ ਤੋਂ ਇਲਾਵਾ ਅੱਛੇ ਦਿਨਾਂ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੀ ਹੋਈ ਵਿਖਾਈ ਦੇ ਰਹੀ ਹੈ। ਸਰਕਾਰ ਨੇ ਆਪਣੇ 7 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਜਿੱਥੇ ਇੱਕ ਵੀ ਲੋਕ ਹਿੱਤ ਫ਼ੈਸਲਾ ਨਹੀਂ ਲਿਆ, ਉਥੇ ਹੀ ਦੂਜੇ ਪਾਸੇ ਸਰਕਾਰ 7 ਸਾਲਾਂ ਵਿੱਚ ਭਾਰਤੀ ਲੋਕਾਂ ਨੂੰ ਖ਼ੁਸ਼ ਹੀ ਨਹੀਂ ਕਰ ਸਕੀ। 

ਲਗਾਤਾਰ ਲਏ ਜਾ ਰਹੇ ਲੋਕ ਵਿਰੋਧੀ ਫ਼ੈਸਲਿਆਂ ਦੇ ਕਾਰਨ ਭਾਜਪਾ ਨੂੰ ਲਗਾਤਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਏਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਪੈਟਰੋਲ 100 ਰੁਪਏ ਤੋਂ ਪਾਰ ਹੋ ਚੁੱਕਿਆ ਹੈ ਅਤੇ ਡੀਜ਼ਲ ਵੀ ਪੈਟਰੋਲ ਦੇ ਪਿੱਛੇ ਪਿੱਛੇ ਹੀ ਆਉਂਦਾ ਵਿਖਾਈ ਦੇ ਰਿਹਾ ਹੈ। ਵਿਰੋਧੀ ਧਿਰ ਕਾਂਗਰਸ ਲਗਾਤਾਰ ਭਾਜਪਾ ਨੂੰ ਘੇਰ ਤਾਂ ਰਹੀ ਹੈ, ਪਰ ਕਾਂਗਰਸ ਦੇ ਹੀ ਕੁੱਝ ਲੀਡਰ ਭਾਜਪਾ ਦੀ ਸ਼ਲਾਘਾ ਕਰ ਰਹੇ ਹਨ। 

ਆਪਣੇ ਟਵੀਟ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਨੇ ਸੋਮਵਾਰ ਯਾਨੀਕਿ ਅੱਜ ਕਿਹਾ ਕਿ ਮੋਦੀ ਦੇ ਸ਼ਾਸਨ ਵਿਚ ਟੈਕਸ ਵਾਧੇ ਦੀਆਂ ਲਹਿਰਾਂ ਲਗਾਤਾਰ ਆ ਰਹੀਆਂ ਹਨ, ਜਿਸ ਨਾਲ ਮਹਿੰਗਾਈ ਆਸਮਾਨ ਛੂਹ ਰਹੀ ਹੈ ਅਤੇ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ।

ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਕਈ ਸੂਬਿਆਂ ਵਿਚ ਤਾਲਾਬੰਦੀ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਪੈਟਰੋਲ ਪੰਪ 'ਤੇ ਬਿੱਲ ਦਿੰਦੇ ਸਮੇਂ ਤੁਹਾਨੂੰ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਮਹਿੰਗਾਈ ਦਾ ਵਿਕਾਸ ਦਿੱਸੇਗਾ। ਟੈਕਸ ਵਸੂਲੀ ਮਹਾਂਮਾਰੀ ਦੀਆਂ ਲਹਿਰਾਂ ਲਗਾਤਾਰ ਆਉਂਦੀਆਂ ਰਹੀਆਂ ਹਨ। ਓਧਰ ਕਾਂਗਰਸ ਸੰਚਾਰ ਮਹਿਕਮੇ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਟੈਕਸ ਵਾਧੇ ਨੂੰ ਲੈ ਕੇ ਸਰਕਾਰ ਦੀ ਸਖ਼ਤ ਆਲੋਚਨਾ ਕਰਦੇ ਹੋਏ ਟਵੀਟ ਕੀਤਾ ਕਿ ਭਿਆਨਕ ਜਨ ਲੁੱਟ- ਪਿਛਲੇ 13 ਮਹੀਨੇ ਵਿੱਚ ਪੈਟਰੋਲ 25.72 ਰੁਪਏ, ਡੀਜ਼ਲ 23.93 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ। ਇਸੇ ਵਿੱਚ ਹੁਣ ਸਵਾਲ ਉਠਦਾ ਹੈ ਕਿ ਮਹਿੰਗਾਈ ਦੇ ਗਲ ਰੱਸ ਕੌਣ ਪਾਵੇਗਾ?