ਪੰਜਾਬ ਕਾਂਗਰਸ ਵਿੱਚ ਘਮਾਸਾਣ: ਵੈਕਸੀਨ ਘੁਟਾਲੇ 'ਤੇ ਕਾਂਗਰਸੀ ਹੀ ਆਪਣੀ ਸਰਕਾਰ ਖ਼ਿਲਾਫ਼! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਕਾਂਗਰਸ ਵਿੱਚ ਮਚੇ ਘਮਾਸਾਣ ਤੋਂ ਜਿੱਥੇ ਕਾਂਗਰਸੀ ਹੀ ਤੰਗ ਹੋਏ ਪਏ ਹਨ, ਉਥੇ ਹੀ ਕਾਂਗਰਸ ਪਾਰਟੀ ਵਿੱਚੋਂ ਬਾਹਰ ਉਡਾਰੀਆਂ ਮਾਰਨ ਨੂੰ ਫਿਰਦੇ ਲੀਡਰ ਲਗਾਤਾਰ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਕਾਂਗਰਸ ਪਾਰਟੀ 'ਤੇ ਲਗਾਤਾਰ ਦੋਸ਼ ਮੜਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦੇ ਨਜ਼ਰੀ ਆ ਰਹੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਨਜਵੋਤ ਸਿੰਘ ਸਿੱਧੂ ਦੀ ਹੁਣ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਆਪਣੀ ਸਰਕਾਰ ਵਿਰੁੱਧ ਕਮਾਨ ਸੰਭਾਲ ਲਈ ਹੈ। 

ਵੈਕਸੀਨ ਘੁਟਾਲੇ ਨੂੰ ਲੈ ਕੇ ਅੱਜ ਕਾਂਗਰਸ ਸਰਕਾਰ ਅਤੇ ਸਿਹਤ ਮੰਤਰੀ ਦੇ ਵਿਰੁੱਧ ਅਕਾਲੀ ਦਲ ਨੇ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕੀਤਾ, ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਕਈ ਦਿਨਾਂ ਤੋਂ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਸਿਹਤ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਕਾਂਗਰਸ ਦੀ ਸੀਨੀਅਰ ਲੀਡਰ ਅਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਪੰਜਾਬ ਵਿੱਚ ਨਿੱਜੀ ਹਸਪਤਾਲਾਂ ਵਿੱਚ ਵੈਕਸੀਨ ਵੇਚਣ ਦੇ ਮਾਮਲੇ 'ਤੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਹਨ। 

ਆਪਣੇ ਜਾਰੀ ਇੱਕ ਬਿਆਨ ਵਿੱਚ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਮੁਨਾਫੇ ਲਈ ਵੈਕਸੀਨ ਨੂੰ ਨਿੱਜੀ ਹਸਪਤਾਲਾਂ ਵਿੱਚ ਵੇਚ ਕੇ ਬਹੁਤ ਗਲਤ ਕਦਮ ਚੁੱਕਿਆ ਹੈ। ਜੇਕਰ ਸਰਕਾਰ ਨੇ ਮੁਨਾਫਾ ਕਮਾਉਣਾ ਹੁੰਦਾ, ਤਾਂ ਇਹ ਸ਼ਰਾਬ ਅਤੇ ਮਾਈਨਿੰਗ ਤੋਂ ਕਮਾ ਸਕਦੀ ਸੀ। ਸਿੱਧੂ ਨੇ ਤਾਂ ਇਹ ਵੀ ਕਿਹਾ ਕਿ ਪੰਜਾਬ ਉਦੋਂ ਖੁਸ਼ਹਾਲ ਹੋਵੇਗਾ, ਜਦੋਂ ਹਰ ਨੌਜਵਾਨ ਨੂੰ ਰੋਜ਼ਗਾਰ ਮਿਲੇਗਾ। 

ਸੂਬੇ ਵਿੱਚ ਬੇਰੁਜਗਾਰ ਅਧਿਆਪਕ ਰੋਜ਼ਗਾਰ ਲਈ ਸੜਕਾਂ 'ਤੇ ਭਟਕ ਰਹੇ ਹਨ ਅਤੇ ਡਾਕਟਰਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਮਿਲ ਰਹੀਆਂ। ਪੂਰੇ ਪੰਜਾਬ ਵਿੱਚ ਕੋਈ ਨਿਯਮ ਅਤੇ ਵਿਵਸਥਾ ਨਹੀਂ ਹੈ। ਪਟਿਆਲਾ ਨਗਰ ਨਿਗਮ ਸਭ ਤੋਂ ਭ੍ਰਿਸ਼ਟ ਸਾਬਤ ਹੋਇਆ ਹੈ। ਪਿਛਲੇ ਦਿਨੀਂ ਪਟਿਆਲਾ ਵਿੱਚ ਇੱਕ ਗੈਰ-ਕਾਨੂੰਨੀ ਇਮਾਰਤ ਦਾ ਲੈਂਟਰ ਢਹਿਣ ਨਾਲ ਇਸਦਾ ਸਬੂਤ ਮਿਲਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਨਕਸ਼ੇ ਪਾਸ ਕੀਤੇ ਬਗੈਰ ਉਸਾਰੀ ਕਿਵੇਂ ਕੀਤੀ ਜਾ ਰਹੀ ਹੈ? ਖ਼ੈਰ, ਬੀਬੀ ਸਿੱਧੂ ਨੇ ਜੋ ਸਵਾਲ ਚੁੱਕੇ ਹਨ, ਉਹਦੇ ਤੋਂ ਇੱਕ ਗੱਲ ਸਾਫ਼ ਹੈ ਕਿ ਕਾਂਗਰਸੀ ਹੀ ਕਾਂਗਰਸ ਸਰਕਾਰ ਅਤੇ ਕੈਪਟਨ ਦੇ ਵਤੀਰੇ ਤੋਂ ਤੰਗ ਆ ਚੁੱਕੇ ਹਨ।