ਜਦੋਂ ਸਿਸਟਮ ਈ ਖ਼ਰਾਬ ਐ, ਲੋਕਾਂ ਦਾ ਲੁੱਟ ਤਾਂ ਹੋਵੇਗਾ ਹੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਪੰਜਾਬ ਦੇ ਅੰਦਰ ਵੈਕਸੀਨ ਘੁਟਾਲਾ ਸਾਹਮਣੇ ਆ ਚੁੱਕਿਆ ਹੈ, ਉਥੇ ਹੀ ਦੂਜੇ ਪਾਸੇ ਹੁਣ ਜੋ ਤਾਜ਼ਾ ਰਿਪੋਰਟਾਂ ਮਿਲ ਰਹੀਆਂ ਹਨ, ਉਹ ਇਹ ਹਨ ਕਿ ਕੋਰੋਨਾ ਟੈਸਟ 'ਤੇ ਵੀ ਲੋਕਾਂ ਕੋਲੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ। ਪੰਜਾਬ ਦੇ ਬਹੁਤ ਸਾਰੇ ਹਸਪਤਾਲਾਂ ਤੋਂ ਇਲਾਵਾ ਲੈਬ ਵਿੱਚ ਕੋਰੋਨਾ ਟੈਸਟ ਦੇ ਵੱਖਰੇ ਹੀ ਰੇਟ ਹਨ। ਸਰਕਾਰ ਦੁਆਰਾ ਨਿਰਧਾਰਿਤ ਕੀਤੇ ਗਏ ਰੇਟਾਂ ਤੋਂ ਦੁਗਣੇ ਤਿਗਣੇ ਰੇਟਾਂ 'ਤੇ ਕੋਰੋਨਾ ਟੈਸਟ ਹੋਣੇ, ਜਿੱਥੇ ਸਿਸਟਮ 'ਤੇ ਸਵਾਲ ਖੜ੍ਹੇ ਕਰਦਾ ਹਨ, ਉੱਥੇ ਹੀ ਲੋਕਾਂ ਦੀ ਲੁੱਟ ਦਾ ਜ਼ਿੰਮੇਵਾਰ ਕੀਹਨੂੰ ਠਹਿਰਾਇਆ ਜਾਵੇ, ਇਹ ਵੀ ਪੁੱਛਣਾ ਬਣਦਾ ਹੈ? 

ਇਸੇ ਸਬੰਧ ਵਿੱਚ ਜਲੰਧਰ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ, ਜਿੱਥੇ 900 ਰੁਪਏ ਪ੍ਰਤੀ ਆਰਟੀ-ਪੀਸੀਆਰ ਟੈਸਟਾਂ ਲਈ, ਮਰੀਜ਼ਾਂ ਕੋਲੋਂ ਦੁਗਣੇ ਰੇਟ ਲਏ ਜਾ ਰਹੇ ਹਨ। ਇੱਕ ਮਹਿਲਾ ਪੱਤਰਕਾਰ ਨੇ ਇਸ ਦਾ ਖ਼ੁਲਾਸਾ ਕਰਨ ਤੋਂ ਪਹਿਲੋਂ ਸਟਿੰਗ ਆਪਰੇਸ਼ਨ ਕੀਤਾ ਅਤੇ ਉਕਤ ਮਹਿਲਾ ਪੀੜ੍ਹਤ ਬਣ ਕੇ ਲੈਬ ਵਿੱਚ ਗਈ ਅਤੇ ਟੈਸਟ ਕਰਵਾਏ। ਪੈਸੇ ਮੰਗਣੇ 'ਤੇ ਪੈਸੇ ਵੀ ਦਿੱਤੇ, ਪਰ 900 ਰੁਪਏ ਤੋਂ ਦੁਗਣੇ ਪੈਸੇ ਦੇ ਕੇ ਟੈਸਟ ਕਰਵਾਏ, ਇਸ ਤੋਂ ਇਲਾਵਾ ਮਹਿਲਾ ਪੱਤਰਕਾਰ ਨੇ ਉਕਤ ਸਾਰੀ ਘਟਨਾ ਨੂੰ ਨਾਲ ਦੀ ਨਾਲ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। 

ਜਾਣਕਾਰੀ ਇਹ ਵੀ ਮਿਲੀ ਹੈ ਕਿ, ਕੋਰੋਨਾ ਟੈਸਟ ਦੇ ਨਾਂਅ 'ਤੇ ਮਰੀਜ਼ਾਂ ਦੀ ਲੁੱਟ ਕਰਨ ਵਾਲੀ ਲੈਬ ਦੇ ਵਿਰੁੱਧ ਜਲੰਧਰ ਦੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੁਲਿਸ ਅਧਿਕਾਰੀ ਨੂੰ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਵੇਰਵਿਆਂ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਘਣਸਿਆਮ ਥੋਰੀ ਨੇ ਦੱਸਿਆ ਕਿ ਮਕਸੂਦਾਂ ਚੌਂਕ ਵਿਖੇ ਰਤਨ ਲੈਬ ਖਿਲਾਫ ਇੱਕ ਹੋਰ ਸ਼ਿਕਾਇਤ ਅਵਨੀਤ ਕੌਰ ਤੋਂ ਮਿਲੀ, ਜੋ ਮੀਡੀਆ ਸੰਸਥਾ ਵਿੱਚ ਸਹਾਇਕ ਸੰਪਾਦਕ ਵਜੋਂ ਕੰਮ ਕਰ ਰਹੀ ਹੈ।

ਉਸਨੇ ਇੱਕ ਪ੍ਰੇਸ਼ਾਨ ਮਰੀਜ਼ ਵਜੋਂ ਲੈਬ ਦਾ ਦੌਰਾ ਕੀਤਾ ਅਤੇ ਰੁਪਏ ਦੀ ਅਦਾਇਗੀ ਕੀਤੀ। ਆਰਟੀ-ਪੀਸੀਆਰ ਟੈਸਟਾਂ ਲਈ 900, ਜੋ ਕਿ ਸਰਕਾਰ ਦੁਆਰਾ ਨਿਰਧਾਰਤ ਕੀਤੀ ਗਈ ਫੀਸ ਤੋਂ ਦੁਗਣਾ ਹੈ। ਅਵਨੀਤ ਕੌਰ ਨੇ ਹੋਰਨਾਂ ਮਰੀਜ਼ਾਂ ਤੋਂ ਫੀਡਬੈਕ ਲੈਂਦੇ ਹੋਏ ਸਾਰੀ ਘਟਨਾ ਦੀ ਵੀਡੀਓ ਵੀ ਰਿਕਾਰਡ ਕੀਤੀ, ਜੋ ਟੈਸਟ ਲਈ ਉਥੇ ਮੌਜੂਦ ਸਨ। ਪੁਲਿਸ ਕਮਿਸ਼ਨਰ ਜਲੰਧਰ ਨੂੰ ਲਿਖੇ ਪੱਤਰ ਵਿਚ, ਪ੍ਰਸਾਸ਼ਨ ਨੇ ਇਸ ਮਾਮਲੇ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਲੈਂਬਾਂ ਖਿਲਾਫ ਪਰਚਾ ਦਰਜ ਕਰਨ ਲਈ ਕਿਹਾ ਹੈ।