ਜੁਮਲੇਬਾਜ਼ੀ ਵਾਲੀ ਤਾਰ ਦਾ ਅੰਤ ਹੋਊ! (ਵਿਅੰਗ)

ਜ਼ੁਮਲੇ ਵਾਲੀ ਤਾਰ ਟੁੱਟਣ ਲੱਗੀ ਐ। ਟੁੱਟ ਵੀ ਜਾਵੇਗੀ, ਕਿਉਂਕਿ ਝੂਠਾਂ ਦਾ ਭਾਂਡਾ ਭੱਜਣ ਲੱਗਿਆ ਹੈ। ਗੱਲ, ਦਿੱਲੀ ਬਾਰਡਰਾਂ 'ਤੇ ਚੱਲਦੇ ਸੰਘਰਸ਼ ਦੀ। ਸੰਘਰਸ਼ ਦੇ ਸਮਰਥਨ ਦੀ, ਹਾਕਮ ਹੱਲੇ ਨੂੰ ਰੋਕ ਪਾਉਣ ਦੀ। ਸਮਰਥਨ ਦੇਣ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਦੀ, ਹੌਂਸਲਾ ਅਫਜਾਈ ਕਰਨ ਦੀ। ਸੰਘਰਸ਼, ਹਾਕਮ ਦੇ ਅੱਖੀਂ ਚੁੱਭਦਾ ਤੇ ਸੀਨੇ ਖੁੱਭਦਾ। ਬਿਨਾਂ ਮੰਗਾਂ ਮੰਨੇ, ਠਾਉਣਾ ਚਾਹੁੰਦਾ। 

ਵਾਢੀ ਦੇ ਦਿਨ, ਫਸਲ ਸਾਂਭਣ ਤੇ ਬੀਜਣ ਦੇ ਰੁਝੇਵੇਂ। ਹਾਕਮ ਉਂਗਲਾਂ ਭੰਨਦਾ, ਬੁੱਲ ਟੁੱਕਦਾ, 'ਬਾਰਡਰਾਂ ਤੋਂ 'ਕੱਠ ਘਟਿਆ।' ਤਿਕੜਮਾਂ ਖੇਡਦਾ, ਗੱਲਾਂ ਦੇ ਗੁਲਗਲੇ ਵੀ, ਹਿਟਲਰੀ ਧੌਂਸ ਵੀ। ਅਸਤਰ ਸਸਤਰ ਸਭ ਦਾ ਮਾਲਕ। ਹਕੂਮਤੀ ਤਾਕਤ, ਜੁਮਲੇਬਾਜੀ ਤੇ ਫਿਰਕੂ ਕਾਤਲੀ ਟੋਲੇ, ਸੈਤਾਨੀ ਚਾਲਾਂ, ਆਈ ਟੀ ਸੈੱਲ ਤੇ ਧੁਤੂ ਬੜਬੋਲੇ, ਸਭ ਹਾਕਮ ਦੇ ਜਾਬਰ-ਗੋਲੇ। 

ਕਰੋਨਾ ਵੀ ਇਹ ਦਾ ਸਕਾ-ਸਬੰਧੀ, ਸੰਘਰਸ ਨੂੰ ਪਾਉਣਾ ਚਾਹੁੰਦਾ ਫੰਦੀ। ਫੌਜੀ ਅਤੇ ਕਾਨੂੰਨੀ ਜੋਰ, ਬੇਕਿਰਕੀ ਨਾਲ ਨਿਸੰਗ ਵਰਤਦਾ। ਵਰਤਣਾ, ਉਹਦੇ ਜੀ ਦਾ ਮਾਮਲਾ। ਹਾਕਮ ਦਾ ਜੀ, ਹਾਕਮ ਦੀ ਸਿਆਸਤ। ਲੋਕਾਂ ਤੋਂ ਸਾਰੇ ਜਿਉਣ ਸਾਧਨ ਖੋਹਣ ਦੇ ਦਰਜਨਾਂ ਕਾਲੇ ਕਾਨੂੰਨ, ਹਾਕਮ ਸਿਆਸਤ ਦੇ ਸਬੂਤ। ਲੋਕਾਂ ਦੇ ਨਾਲ ਵੈਰ ਕਮਾਵੇ, ਅੰਦੋਲਨਜੀਵੀ ਨੂੰ ਪਰਜੀਵੀ ਆਖਣ ਤੱਕ ਜਾਵੇ। 

ਆਜਾਦੀ, ਜਮਹੂਰੀਅਤ ਦਾ ਢੋਲ ਵਜਾਉਂਦਾ,ਹੱਕ ਸੱਚ ਦਾ ਗਲਾ ਦਬਾਉਂਦਾ। ਸਾਮਰਾਜੀਆਂ ਤੇ ਕਾਰਪੋਰੇਟਾਂ ਦੀਆਂ ਹਿਦਾਇਤਾਂ ਮੰਨੇ, ਮੌਰ ਲੋਕਾਂ ਦੇ ਭੰਨੇ। ਲੋਕਾਂ ਤੋਂ ਜਿਉਣ ਵਸੀਲੇ ਖੋਹੀ ਜਾਵੇ, ਜੋਕਾਂ ਮੂਹਰੇ ਪਰੋਸੀ ਜਾਵੇ। ਉੱਠਦੇ ਘੋਲਾਂ 'ਤੇ ਫੌਜ ਚੜਾਵੇ। ਜਮੀਨੀ ਘੋਲਾਂ ਦਾ ਇਤਿਹਾਸ, ਫੌਜੀ ਹਮਲਿਆਂ ਦਾ ਰਿਕਾਰਡ। ਦਿੱਲੀ ਦੇ ਰਾਹ ਤੋਂ ਹੁਣ ਤੱਕ, ਫੌਜੀ ਬਲ ਦੀਆਂ ਕਈ ਝੁੱਟੀਆਂ ਲਵਾ ਚੁੱਕਾ। ਫਹੁ ਨੀਂ ਪਿਆ। 

ਦੰਦ ਕਰੀਚਦਾ, ਵਜਨ ਤੋਲਦਾ। ਹਾਕਮ ਦਾ ਵਰਤਿਆ ਪਰਖਿਆ ਸੰਦ, ਗੁੰਡਾ ਟੋਲੇ। ਬਕਾਇਦਾ ਟਰੇਂਡ, ਪਾਲੇ ਸੰਭਾਲੇ। 'ਹਿੰਦੂ ਰਾਸ਼ਟਰਵਾਦ' ਦੇ ਖੋਪਿਆਂ ਵਾਲੇ। ਕਤਲੋਗਾਰਤ ਦੇ ਮਾਹਰ। ਇਸ ਵੇਲੇ ਮੱਤਾਂ ਦੇ ਰਹੇ ਨੇ ਕਿ ਬਚੋ ਕਰੋਨਾ ਤੋਂ! ਪਹਿਲੋਂ ਬਚਿਆ ਜਾਵੇ ਲੀਡਰੀ ਵਾਇਰਸ ਤੋਂ, ਜਿਨ੍ਹਾਂ ਨੇ ਉਜਾੜਿਆ ਐ ਦੇਸ਼। ਦੇਸ਼ ਵੇਚਣ ਵਾਲਿਆਂ ਤੋਂ, ਜਦੋਂ ਵਿੱਕਿਆ ਦੇਸ਼ ਤਾਂ ਟੁੱਟੇਗੀ ਹੱਡੀ ਸਭਨਾਂ ਦੀ, ਮਹਿੰਗਾਈ ਜ਼ੋਰ ਫੜੇਗੀ, ਮੁਲਕ ਟੁੱਟ ਭੱਜ ਜਾਵੇਗਾ ਅਤੇ ਤਾਰ ਮੁੜ ਜੁਮਲੇਬਾਜੀ ਦੀ ਵੱਜਦੀ ਰਹੇਗੀ।