ਐਨੀਆਂ ਲਾਸ਼ਾਂ ਵੇਖ ਕੇ ਤਾਂ, ਨਦੀਆਂ ਵੀ ਰੋ ਪਈਆਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਮੁਲਕ ਦੇ ਹਾਲਾਤ ਤਰਸਯੋਗ ਬਣੇ ਪਏ ਹਨ। ਕਿਤੇ ਤਾਂ ਆਕਸੀਜਨ ਖੁਣੋਂ ਲੋਕ ਮਰ ਰਹੇ ਹਨ ਅਤੇ ਕਿਤੇ ਵੈਂਟੀਲੇਟਰ ਮਰੀਜ਼ਾਂ ਨੂੰ ਨਹੀਂ ਮਿਲ ਰਹੇ। ਹੋਰ ਤੇ ਹੋਰ ਕਈ ਹਸਪਤਾਲਾਂ ਵਾਲਿਆਂ ਨੇ ਤਾਂ ਬਾਹਰੋਂ ਤਾਲੇ ਵੀ ਲਗਾ ਦਿੱਤੇ ਹੋਏ ਕਿ, ਕਿ ਸਾਡੇ ਕੋਲ ਬੈੱਡ ਨਹੀਂ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦਾ ਇੱਕੋ ਜਿਹਾ ਹਾਲ ਹੋਇਆ ਪਿਆ ਹੈ। ਵੈਕਸੀਨ ਵੀ ਲੰਗੜੀ ਚਾਲ ਦੇ ਅਧੀਨ ਹੈ। 

ਪਰ ਲੀਡਰ ਵੈਕਸੀਨ ਲਗਵਾ ਕੇ ਚੌਧਰਾਂ ਚਾੜ ਰਹੇ ਹਨ ਅਤੇ ਰੋਣ ਦਾ ਨਾਟਕ ਕਰ ਰਹੇ ਹਨ। ਕੁੱਲ ਮਿਲਾ ਕੇ ਕਹਿ ਲਈਏ ਤਾਂ, ਇਹ ਹੀ ਠੀਕ ਹੋਵੇਗਾ ਕਿ ਸਾਡੇ ਮੁਲਕ ਦੇ ਹਾਲਾਤ ਏਨੇ ਜ਼ਿਆਦਾ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਖ਼ਰਾਬ ਨਹੀਂ ਹੋਏ, ਜਿਨ੍ਹੇ ਹਾਲਾਤ ਲੀਡਰਾਂ ਦੇ ਝੂਠੇ ਵਾਅਦਿਆਂ ਅਤੇ ਫ਼ੁਕਰਪੁਣੇ ਦੇ ਕਾਰਨ ਖ਼ਰਾਬ ਹੋਏ ਹਨ। ਭਾਰਤ ਦਾ ਕੋਈ ਵੀ ਸੂਬਾ ਅਜਿਹਾ ਬਚਿਆ ਨਹੀਂ, ਜਿੱਥੇ ਕੋਰੋਨਾ ਨਾ ਪੁੱਜਿਆ ਹੋਵੇ।

ਵਿਗਿਆਨੀਆਂ ਮੁਤਾਬਿਕ, ਭਾਵੇਂ ਹੀ ਕੋਰੋਨਾ ਇੱਕ ਆਮ ਫਲੂ ਹੈ, ਪਰ ਇਸ ਆਮ ਫਲੂ ਨੇ ਐਨੀਆਂ ਜਾਨਾਂ ਲੈ ਲਈਆਂ ਹਨ ਕਿ, ਲਾਸ਼ਾਂ ਨੂੰ ਫੂਕਣ ਲਈ ਸ਼ਮਸ਼ਾਨਘਾਟਾਂ ਦੀ ਕਮੀ ਨਜ਼ਰ ਆ ਰਹੀ ਹੈ। ਕਈ ਜਗ੍ਹਾਵਾਂ ਤੋਂ ਖ਼ਬਰਾਂ ਇਹ ਮਿਲੀਆਂ ਹਨ ਕਿ, ਜਿਹੜੇ ਪਾਰਕ ਲੋਕਾਂ ਦੇ ਟਹਿਲਣ ਜਾਂ ਫਿਰ ਸੈਰ ਕਰਨ ਵਾਸਤੇ ਬਣਾਏ ਗਏ ਸਨ, ਉੱਥੇ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਹਾਲਾਤ ਤਾਂ ਉਦੋਂ ਵਿਗੜਦੇ ਵਿਖਾਈ ਦਿੱਤੇ ਹਨ, ਜਦੋਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਲਈ ਲੱਕੜਾਂ ਅਤੇ ਸ਼ਮਸ਼ਾਨਘਾਟ ਵਿੱਚ ਵੀ ਜ਼ਮੀਨ ਦੀ ਕਮੀ ਨਜ਼ਰ ਆਈ।

ਪਹਿਲੋਂ ਤਾਂ ਜਿਨ੍ਹਾਂ ਦੇ ਪਰਿਵਾਰ ਵਾਲੇ ਕੋਰੋਨਾ ਦੀ ਬਿਮਾਰੀ ਕਾਰਨ ਮਰ ਗਏ, ਉਨ੍ਹਾਂ ਨੂੰ ਹਸਪਤਾਲ ਵਿੱਚੋਂ ਸਹੀ ਸਲਾਮਤ ਲਾਸ਼ ਹੀ ਨਹੀਂ ਮਿਲੀ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਲਾਸ਼ ਹੀ ਬਦਲ ਕੇ ਦੇ ਦਿੱਤੀ ਗਈ ਅਤੇ ਅੱਗੇ ਜਦੋਂ ਲਾਸ਼ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਗਿਆ ਤਾਂ, ਉੱਥੇ ਐਨੀਆਂ ਲਾਸ਼ਾਂ ਬਲ ਰਹੀਆਂ ਸਨ ਕਿ, ਲਾਸ਼ਾਂ ਨੂੰ ਕਈ ਪਰਿਵਾਰਾਂ ਨੇ ਨਦੀਆਂ ਵਿੱਚ ਵਹਾਉਣਾ ਸ਼ੁਰੂ ਕਰ ਦਿੱਤਾ। ਬਹੁਤੀਆਂ ਖ਼ਬਰਾਂ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ, ਜਿੱਥੇ ਗੰਗਾਂ ਨਦੀ ਵਿੱਚ ਲਾਸ਼ਾਂ ਤੈਰਦੀਆਂ ਵਿਖਾਈ ਦਿੱਤੀਆਂ।