ਕੀ ਭਾਰਤ ਵਿੱਚ ਰੁਜ਼ਗਾਰ ਮੰਗਣਾ ਗ਼ੁਨਾਹ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਨੇ 2014 ਦੀਆਂ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਭਾਰਤ ਦੀ ਸੱਤਾ ਵਿਚ ਆਉਂਦੀ ਹੈ ਤਾਂ, ਪ੍ਰਤੀ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਗਈ। ਮੋਦੀ ਸਰਕਾਰ ਦੇ ਵਾਂਗ ਹੀ ਪੰਜਾਬ ਸਰਕਾਰ ਨੇ ਵੀ ਬੇਰੁਜ਼ਗਾਰਾਂ ਦੇ ਨਾਲ ਘਰ ਘਰ ਨੌਕਰੀ ਮੁਹਿੰਮ ਤਹਿਤ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਪਰ ਪੰਜਾਬ ਸਰਕਾਰ ਵੀ ਮੋਦੀ ਸਰਕਾਰ ਦੇ ਵਾਂਗ ਹੀ ਝੂਠੀ ਨਿਕਲੀ ਹੈ। 

ਦਰਅਸਲ, ਇਸ ਵੇਲੇ ਪੰਜਾਬ ਵਿਚਲੀ ਕਾਂਗਰਸ ਸਰਕਾਰ ਇਸ ਵਕਤ ਇਹ ਦਾਅਵਾ ਕਰਨ ਦੇ ਵਿੱਚ ਰੁੱਝੀ ਹੋਈ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ, ਪਰ ਇਹ ਨਹੀਂ ਦੱਸਿਆ ਗਿਆ ਕਿ, ਰੁਜ਼ਗਾਰ ਕਿਹੜੇ ਖ਼ਾਤੇ ਵਿੱਚੋਂ ਦਿੱਤਾ। ਮਤਲਬ ਕਿ, ਸਰਕਾਰੀ ਜਾਂ ਫਿਰ ਪ੍ਰਾਈਵੇਟ? ਪੰਜਾਬ ਦੇ ਅੰਦਰ ਰੁਜ਼ਗਾਰ ਮੇਲੇ ਲਗਾ ਕੇ, ਸਰਕਾਰ ਨੇ ਵੱਡੇ ਪੱਧਰ 'ਤੇ ਨੌਜਵਾਨਾਂ ਨੂੰ ਭਰਤੀ ਤਾਂ ਕੀਤਾ ਗਿਆ ਹੈ, ਪਰ ਨਿੱਜੀ ਕੰਪਨੀਆਂ ਵਿੱਚ। 

ਨਿੱਜੀ ਕੰਪਨੀਆਂ ਦਾ ਪੰਜਾਬ ਦੇ ਅੰਦਰ ਲੱਗਦੇ ਰੁਜ਼ਗਾਰ ਮੇਲਿਆਂ ਵਿੱਚ ਬੋਲਬਾਲਾ ਹੈ ਅਤੇ ਸਰਕਾਰੀ ਖ਼ਰਚੇ 'ਤੇ ਲੱਗਦੇ ਰੁਜ਼ਗਾਰ ਮੇਲਿਆਂ ਵਿੱਚ ਬਹੁਤੀਆਂ ਪ੍ਰਾਈਵੇਟ ਕੰਪਨੀਆਂ ਹੀ ਪੁੱਜ ਰਹੀਆਂ ਹਨ, ਜੋ ਬੇਰੁਜ਼ਗਾਰ ਨੌਜਵਾਨਾਂ ਦਾ ਚਿੱਟੇ ਦਿਨੇ ਸ਼ੋਸ਼ਣ ਕਰ ਰਹੀਆਂ ਹਨ। ਬੇਰੁਜ਼ਗਾਰਾਂ ਨੂੰ ਪੱਕੀ ਨੌਕਰੀ ਤਾਂ ਕੈਪਟਨ ਹਕੂਮਤ ਨੇ ਕੀ ਦੇਣੀ ਸੀ, ਉਲਟਾ ਪਹਿਲੋਂ ਰੱਖੇ ਠੇਕੇ 'ਤੇ ਕਰਮਚਾਰੀਆਂ ਨੂੰ ਨੌਕਰੀਓਂ ਫ਼ਾਰਗ ਕਰਿਆ ਜਾ ਰਿਹਾ ਹੈ। 

ਪੰਜਾਬ ਦੇ ਅੰਦਰ ਜੇਕਰ, ਤਾਜ਼ਾ ਹਾਲਾਤਾਂ 'ਤੇ ਝਾਤ ਮਾਰੀਏ ਤਾਂ, ਸਭ ਤੋਂ ਵੱਧ ਅੱਗੇ ਹੋ ਕੇ ਰੁਜ਼ਗਾਰ ਖ਼ਾਤਰ ਬੇਰੁਜ਼ਗਾਰ ਅਧਿਆਪਕ ਲੜ ਰਹੇ ਹਨ। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ 'ਤੇ ਜਿੱਥੇ ਹਕੂਮਤ ਦੁਆਰਾ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ, ਉੱਥੇ ਹੀ ਨੌਕਰੀ ਦੇਣ ਤੋਂ ਕੋਰੀ ਨਾਂਹ ਕੀਤੀ ਜਾ ਰਹੀ ਹੈ। 

ਦਰਅਸਲ, ਸੱਤਾ ਵਿੱਚ ਆਉਣ ਤੋਂ ਪਹਿਲੋਂ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਸੱਤਾ ਵਿੱਚ ਆ ਜਾਂਦੀ ਹੈ ਤਾਂ, 'ਹਰ ਘਰ-ਨੌਕਰੀ' ਦਿੱਤੀ ਜਾਵੇਗੀ ਅਤੇ ਜੇਕਰ ਬੇਰੁਜ਼ਗਾਰਾਂ ਨੂੰ ਨੌਕਰੀ ਮਿਲਣ ਵਿੱਚ ਦੇਰੀ ਹੋਈ ਤਾਂ, ਉਨ੍ਹਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ 'ਸਮਾਰਟ ਫ਼ੋਨ' ਦੇਣ ਦਾ ਵਾਅਦਾ ਕੀਤਾ ਸੀ।

ਹਰ ਘਰ ਨੌਕਰੀ ਦੇਣ ਦਾ ਵਾਅਦਾ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਰਿਆ ਸੀ, ਉਹ ਵਾਅਦਾ ਬਿਲਕੁਲ ਫੋਕਾ ਅਤੇ ਝੂਠਾ ਪੈਂਦਾ ਵਿਖਾਈ ਦੇ ਰਿਹਾ ਹੈ, ਕਿਉਂਕਿ ਹਰ ਘਰ ਨੌਕਰੀ ਕੈਪਟਨ ਹਕੂਮਤ ਦੇ ਨਹੀਂ ਸਕੀ। ਹਰ ਘਰ ਨੌਕਰੀ ਮੁਹਿੰਮ ਦੇ ਉਲਟ ਪੰਜਾਬ ਦੇ ਅੰਦਰ ਹਰ ਘਰ ਬੇਰੁਜ਼ਗਾਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਕੁਲ ਮਿਲਾ ਕੇ ਕਹਿ ਲਈਏ ਕਿ ਹੁਕਮਰਾਨ ਦੁਆਰਾ ਜੋ ਵਾਅਦੇ ਸੱਤਾ ਵਿੱਚ ਆਉਣ ਤੋਂ ਪਹਿਲੋਂ ਕੀਤੇ ਗਏ ਸਨ, ਉਹ ਪੂਰੇ ਨਹੀਂ ਹੋ ਸਕੇ।