ਲਾਕਡਾਊਨ ਕਿੰਨਾ ਕੁ ਸਾਰਥਿਕ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਰੋਨਾ ਬਿਮਾਰੀ ਦੀ ਦੂਜੀ ਲਹਿਰ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਲਾਕਡਾਉਣ ਲਾਇਆ ਗਿਆ ਹੈ। ਜੋ ਕਿ ਸੋਮਵਾਰ ਸਵੇਰੇ 8 ਵਜੇ ਤੋਂ ਲੈ ਕੇ ਸ਼ੁਕਰਵਾਰ ਇਕ ਵਜ਼ੇ ਤੱਕ ਹੁੰਦਾ ਹੈ ਅਤੇ ਸ਼ਨੀਵਾਰ , ਐਤਵਾਰ ਨੂੰ ਪੂਰਨ ਲਾਕਡਾਉਣ ਹੁੰਦਾ ਹੈ।ਇਸ ਦਰਮਿਆਨ ਸਰਕਾਰੀ ਹਦਾਇਤਾਂ ਅਨੁਸਾਰ ਸਰਕਾਰੀ ਦਫ਼ਤਰਾਂ ਅਤੇ ਪ੍ਰਾਈਵੇਟ ਕੰਮਾਂ ਕਾਰਾਂ ਵਿੱਚ ਅੱਧੇ ਸਟਾਫ ਨਾਲ ਕੰਮ ਕਰਨ ਦੀਆਂ ਹਦਾਇਤਾਂ ਹਨ। ਬੈਂਕਾਂ ਵਿਚ ਵੀ ਸਵੇਰੇ 10 ਤੋਂ 2 ਵਜੇ ਤੱਕ ਸਿਰਫ 4 ਘੰਟੇ ਦਾ ਕੰਮ ਹੁੰਦਾ ਹੈ, ਉਹ ਵੀ ਅੱਧੇ ਸਟਾਫ ਨਾਲ ਹੁਣ ਸਵਾਲ ਇਹ ਹੈ ਕਿ ਬੈਂਕਾਂ ਦਾ ਜੋ ਕੰਮ ਪੂਰੇ ਸਟਾਫ਼ ਨਾਲ 8 ਘੰਟਿਆਂ ਵਿੱਚ ਹੁੰਦਾ ਸੀ ਉਸ ਨੂੰ 4 ਘੰਟੇ ਹੀ ਕਰ ਦਿੱਤਾ ਗਿਆ ਹੈ।

ਨਤੀਜਾ ਬੈਂਕਾਂ ਵਿੱਚ ਬੇਤਹਾਸ਼ਾ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸਵੇਰੇ 9 ਵਜੇ ਤੋਂ ਹੀ ਲੋਕ ਬੈਂਕਾਂ ਅੱਗੇ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਹਨ,ਤੇ ਇਸ ਕਰਕੇ ਉਥੇ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ, ਜਿੱਥੇ ਕੋਰੋਨਾ ਵਾਇਰਸ ਤੋਂ ਬਚਣ ਦੀ ਬਜਾਏ ਉਲਟਾ ਕਰੋਨਾ ਵਾਇਰਸ ਦੇ ਫੈਲਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।

ਇਸੇ ਤਰ੍ਹਾਂ ਹੀ ਬਜਾਰ ਵਿੱਚ 12 ਘੰਟਿਆ ਚ ਹੋਣ ਵਾਲੇ ਕੰਮਾਂ ਕਾਰਾਂ ਨੂੰ ਚਾਰ ਪੰਜ ਘੰਟਿਆ ਤੱਕ ਸੀਮਤ ਕਰ ਦਿੱਤਾ ਹੈ।ਨਤੀਜਾ ਲੋਕਾਂ ਦੀ ਬੇਤਹਾਸ਼ਾ ਭੀੜ ਬਜਾਰਾਂ ਵਿੱਚ ਵਧ ਗਈ ਹੈ। ਅਤੇ ਹਰ ਆਦਮੀ ਜਲਦੀ ਕਰਦਾ ਹੈ ਚਾਹੇ ਉਸ ਨੇ ਕੋਈ ਖ਼ਰੀਦਦਾਰੀ ਕਰਨੀ ਹੈ ਚਾਹੇ ਦੁਕਾਨਦਾਰ ਨੇ ਗ੍ਰਾਹਕ ਨੂੰ ਤੋਰਨਾ ਹੈ,ਬਾਜ਼ਾਰਾਂ ਵਿਚ ਇਕ ਅਜੀਬ ਕਿਸਮ ਦੀ ਅਫ਼ਰਾ ਤਫਰੀ ਹੈ ਜਿਸ ਦੇ ਚਲਦਿਆਂ ਕਿਸੇ ਵੀ ਪ੍ਰਕਾਰ ਦਾ ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਰੱਖਿਆ ਜਾਂਦਾ, ਜਿਸ ਕਰਕੇ ਕਰੋਨਾ ਦੀ ਰੋਕਥਾਮ ਦੀ ਬਜਾਏ ਵਧਣ ਦੀਆਂ ਸੰਭਾਵਨਾ ਜ਼ਿਆਦਾ ਹਨ। ਇਸੇ ਤਰ੍ਹਾਂ ਹੀ ਟ੍ਰੈਫਿਕ ਨਿਯਮਾਂ ਪ੍ਰਤੀ ਵੀ ਕੁਝ ਹਦਾਇਤਾਂ ਹਨ ਜਿਵੇਂ ਬੱਸਾਂ ਦੇ ਵਿਚ ਅੱਧੀਆਂ ਸਵਾਰੀਆਂ ਨਾਲ ਸਫ਼ਰ ਕਰਨ ਦੀ ਹਦਾਇਤ ਹੈ। ਇਹ ਪ੍ਰਾਈਵੇਟ ਸਵਾਰੀਆਂ ਢੋਣ ਵਾਲੇ ਵਹੀਕਲਾਂ ਤੇ ਵੀ ਲਾਗੂ ਹਨ ਅਤੇ ਮੋਟਰਸਾਈਕਲ ਉਪਰ ਵੀ ਦੋ ਸਵਾਰੀਆਂ ਤੇ ਪਾਬੰਦੀ ਹੈ।

ਪਰ ਇਹ ਹਦਾਇਤਾਂ ਸਿਰਫ ਸਰਕਾਰੀ ਬਿਆਨਾਂ ਤੱਕ ਹੀ ਸੀਮਤ ਹਨ ਇਨ੍ਹਾਂ ਹਦਾਇਤਾਂ ਦੀ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਧੱਜੀਆਂ ਉਡਾਈਆਂ ਜਾਂਦੀਆਂ ਆਮ ਹੀ ਵੇਖੀਆਂ ਜਾ ਸਕਦੀਆਂ ਹਨ।ਸਰਕਾਰੀ ਬੱਸਾਂ ਵਾਲੇ ਤਾਂ 15/20 ਸਵਾਰੀਆਂ ਬਿਠਾ ਕੇ ਬੱਸ ਅੱਡੇ ਵਿੱਚੋਂ ਨਿਕਲ ਜਾਂਦੇ ਹਨ ਅਤੇ ਰਸਤੇ ਵਿੱਚ ਕਿਸੇ ਵੀ ਅੱਡੇ ਤੇ ਬੱਸ ਨਹੀਂ ਰੋਕਦੇ ਬਲਕਿ ਸਵਾਰੀ ਨੂੰ ਮੇਨ ਅੱਡੇ ਤੋਂ ਅੱਗੇ ਜਾਂ ਪਿਛੇ ਉਤਾਰ ਦਿੰਦੇ ਹਨ ਪਰ ਪ੍ਰਾਈਵੇਟ ਬੱਸਾਂ ਵਾਲੇ ਓਵਰ ਲੋਡ ਸਵਾਰੀਆਂ ਭਰ ਕੇ ਤੁਰਦੇ ਹਨ।

ਹੈਰਾਨੀਜਨਕ ਗੱਲ ਇਹ ਹੈ ਕਿ ਰਸਤੇ ਵਿਚ ਥਾਂ ਥਾਂ ਲੱਗੇ ਹੋਏ ਟ੍ਰੈਫਿਕ ਪੁਲਿਸ ਦੇ ਨਾਕਿਆਂ ਤੇ ਵੀ ਇਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ, ਜਦੋਂ ਕਿ ਕਿਸੇ ਗਰੀਬ ਮਜ਼ਦੂਰ ਜੋ ਪਿੰਡਾਂ ਤੋਂ ਸ਼ਹਿਰਾਂ ਵਿਚ ਮਜਦੂਰੀ ਕਰਨ ਆਉਂਦੇ ਹਨ ਜੇਕਰ ਦੋ ਜਣੇ ਮੋਟਰਸਾਈਕਲ ਤੇ ਬੈਠੇ ਹੋਣ ਤਾਂ ਉਸ ਦਾ ਦੋ ਹਜ਼ਾਰ ਰੁਪਏ ਦਾ ਚਾਲਾਨ ਕੱਟ ਕੇ ਹੱਥ ਫੜਾ ਦਿੱਤਾ ਜਾਂਦਾ ਹੈ। ਇਸ ਲਾਕਡਾਉਣ ਦੀ ਸਭ ਤੋਂ ਵੱਧ ਮਾਰ ਹੇਠਲੇ ਤਬਕੇ ਨੂੰ ਪੈ ਰਹੀ ਹੈ, ਜੋ ਲੋਕ ਮਿਹਨਤ ਮਜ਼ਦੂਰੀ ਕਰਕੇ ਕੋਈ ਰੇੜੀ ਲਾ ਕੇ ਆਪਣਾ ਗੁਜ਼ਾਰਾ ਕਰਦੇ ਸਨ ਉਹ ਬੇਰੋਜ਼ਗਾਰ ਹੋ ਚੁੱਕੇ ਹਨ ਅਤੇ ਭੁੱਖ ਦਾ ਸ਼ਿਕਾਰ ਬਣ ਰਹੇ ਹਨ।