ਹੁਣ ਸੇਵਾ ਮੁਕਤ ਅਧਿਆਪਕ ਪੜ੍ਹਾਉਣਗੇ ਸਰਕਾਰੀ ਸਕੂਲਾਂ 'ਚ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਦੁਆਰਾ ਸਰਕਾਰੀ ਸਕੂਲਾਂ ਵਿਚ ਮਿਹਨਤ ਕਰਕੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸੇਵਾਮੁਕਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਦਾ ਪੱਤਰ ਜਾਰੀ ਕਰਕੇ ਮੁੜ ਸਕੂਲਾਂ ‘ਚ ਸੱਦਣ ਦੀ ਸਖ਼ਤ ਨਿਖੇਧੀ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਘਰ-ਘਰ ਰੁਜ਼ਗਾਰ ਦੇਣ ਦਾ ਝੂਠਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਹੋਣ ਅਤੇ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਉੱਚ ਯੋਗਤਾ ਪ੍ਰਾਪਤ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮੌਜੂਦ ਹੋਣ ਦੇ ਬਾਵਜੂਦ, ਪਿਛਲੇ ਸਵਾ ਚਾਰ ਸਾਲ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਦੇਣ ਤੋਂ ਕਿਨਾਰਾ ਕੀਤਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਦਰਅਸਲ ਮੋਦੀ ਸਰਕਾਰ ਦੀ, ਨਿੱਜੀਕਰਨ ਪੱਖੀ ਅਤੇ ਸਿੱਖਿਆ ਵਿਰੋਧੀ ਖਾਕੇ ਵਾਲੀ ਨਵੀਂ ਸਿੱਖਿਆ ਨੀਤੀ 2020 ਤਹਿਤ ਪੰਜਾਬ ਸਰਕਾਰ ਵੱਲੋਂ ਵੀ ਪੱਕੀ ਭਰਤੀ ਕਰਨ ਦੀ ਬਜਾਏ ਸਮਾਜ ਵਿੱਚੋਂ ਹੀ ਸੇਵਾਮੁਕਤ ਅਧਿਆਪਕਾਂ ਵਿੱਚੋਂ ਹੀ “ਸਵੈ ਸੇਵਕ” ਲੈਣ ਦੇ ਨਾਂ ਹੇਠ ਕੰਮ ਚਲਾਊ ਪ੍ਰਬੰਧ ਉਸਾਰਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੇਵਾਮੁਕਤ ਅਧਿਆਪਕਾਂ ਨੂੰ ਵਲੰਟੀਅਰ ਤੌਰ ਤੇ ਸਕੂਲਾਂ ਵਿੱਚ ਸੱਦ ਕੇ ਕੌਮੀ ਸਿੱਖਿਆ ਨੀਤੀ ਅਧੀਨ “ਜਨ ਸੇਵਕ” ਭਰਤੀ ਕਰਨ ਦੀ ਮਦ ਨੂੰ ਪੰਜਾਬ ਵਿੱਚ ਹੋਰਨਾਂ ਲੋਕ ਵਿਰੋਧੀ ਨੀਤੀਆਂ ਦੀ ਤਰ੍ਹਾਂ ਦੇਸ਼ ਭਰ ਵਿੱਚੋਂ ਮੋਹਰੀ ਹੋ ਕੇ ਲਾਗੂ ਕਰਕੇ ਰੈਗੂਲਰ ਭਰਤੀ ਤੋਂ ਭੱਜ ਰਹੀ ਹੈ। ਦੂਜੇ ਪਾਸੇ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਟੈੱਟ ਪਾਸ ਉੱਚ ਯੋਗਤਾ ਪ੍ਰਾਪਤ ਹਜ਼ਾਰਾਂ ਬੇਰੁਜ਼ਗਾਰ ਅਧਿਆਪਕ ਆਪਣੇ ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਚਾਰ ਸਾਲਾਂ ਤੋਂ ਆਪਣੀਆਂ ਜਾਨਾਂ ਜੋਖਮ ‘ਚ ਪਾ ਕੇ ਸੰਘਰਸ਼ ਕਰ ਰਹੇ ਹਨ ਅਤੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਪੱਕਾ ਮੋਰਚਿਆ ਲਗਾਇਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਵਿੱਦਿਅਕ ਸ਼ੈਸ਼ਨ 2020-21 ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ ਵਿੱਚ 20% ਦਾ ਵਾਧਾ ਹੋਇਆ ਅਤੇ ਚਾਲੂ ਵਿੱਦਿਅਕ ਸ਼ੈਸ਼ਨ ਵਿੱਚ ਵੀ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਲਗਭਗ 10% ਤੋਂ ਵੱਧ ਵਾਧਾ ਹੋਇਆ ਹੈ ਪਰ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਵਧੀ ਗਿਣਤੀ ਅਨੁਸਾਰ ਨਵੀਆਂ ਅਸਾਮੀਆਂ ਨੂੰ ਪਰੋਸ਼ਨਲ ਵਿਭਾਗ ਅਤੇ ਵਿੱਤ ਵਿਭਾਗ ਤੋਂ ਮਨਜ਼ੂਰੀ ਲੈਣ ਲਈ ਕੋਈ ਚਾਰਾਜੋਈ ਨਹੀ ਕੀਤੀ। ਸਗੋਂ ਪੰਜਾਬ ਸਰਕਾਰ ਪਹਿਲਾਂ ਹੀ ਸੇਵਾ ਮੁਕਤ ਹੋ ਚੁੱਕੇ ਅਧਿਆਪਕਾਂ ਨੂੰ ਬਿਨਾਂ ਕਿਸੇ ਮਾਣਭੱਤੇ ਦੇ ਬਤੌਰ ਵਲੰਟੀਅਰ ਦਲ ਸੱਦ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਰੁਜ਼ਗਾਰ ਪ੍ਰਾਪਤੀ ਦੇ ਸੁਪਨੇ ਨੂੰ ਸੱਟ ਮਾਰੀ ਹੈ।

ਡੀਟੀਐੱਫ ਦੇ ਮੀਤ ਪ੍ਰਧਾਨਾਂ ਗੁਰਮੀਤ ਸੁੁਖਪੁਰ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਸਿੰਘ ਬੰਗੀ ਤੇ ਜਸਵਿੰਦਰ ਸਿੰਘ ਔਜਲਾ, ਮੁੱਖ ਬੁਲਾਰੇ ਹਰਦੀਪ ਸਿੰਘ ਟੋਡਰਪੁਰ, ਸੰਯੁਕਤ ਸਕੱਤਰ ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਿੰਘ ਸਫੀਪੁੁਰ, ਕੁਲਵਿੰਦਰ ਸਿੰਘ ਜੋਸਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ ਅਤੇ ਰੁਪਿੰਦਰ ਪਾਲ ਗਿੱਲ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਅਤੇ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਧੀ ਗਿਣਤੀ ਅਨੁਸਾਰ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਸਿਰਜ ਕੇ ਨਵੇਂ ਇਸ਼ਤਿਹਾਰ ਜਾਰੀ ਕਰਨ ਅਤੇ ਚੱਲ ਰਹੀਆ ਭਰਤੀਆਂ ਲਈ ਫੌਰੀ ਅਧਿਆਪਕ ਭਰਤੀ ਕਰਨ ਦੀ ਮੰਗ ਕੀਤੀ