ਕੀ ਸਰਕਾਰ ਕੋਰੋਨਾ ਤਾਲਾਬੰਦੀ ਰਾਹੀਂ ਕਿਸਾਨ ਮੋਰਚੇ ਨੂੰ ਫੇਲ ਕਰਨਾ ਚਾਹੁੰਦੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਦੇ ਨਾਲ ਪੀੜ੍ਹਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਪਰ ਦੂਜੇ ਪਾਸੇ ਦਿੱਲੀ ਦੀਆਂ ਸਰਹੱਦਾਂ 'ਤੇ ਲੱਗਿਆ ਕਿਸਾਨ ਮੋਰਚਾ ਵੀ ਸਰਕਾਰ ਦੇ ਨੱਕ ਵਿੱਚ ਦੱਮ ਕਰੀ ਬੈਠਾ ਹੈ। ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਿਆ ਜਾਵੇ, ਪਰ ਸਰਕਾਰ ਦੀ ਹਰ ਸਕੀਮ ਫ਼ੇਲ੍ਹ ਹੁੰਦੀ ਨਜ਼ਰੀ ਆ ਰਹੀ ਹੈ ਅਤੇ ਕਿਸਾਨ ਇਸ ਵਕਤ ਜਿੱਤ ਦੇ ਵੱਲ ਵਧਦੇ ਹੋਏ ਵਿਖਾਈ ਦੇ ਰਹੇ ਹਨ। 

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਦੋਸ਼ ਹੈ ਕਿ ਇਹ ਦੋਵੇਂ ਸਰਕਾਰਾਂ ਮਿਲੀਆਂ ਹੋਈਆਂ ਹਨ ਅਤੇ ਕੋਰੋਨਾ ਦੇ ਨਾਂਅ 'ਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਬੇਵਜ੍ਹਾ ਤਾਲਾਬੰਦੀ ਕਰਕੇ ਰੁਜ਼ਗਾਰ ਬੰਦ ਕੀਤੇ ਜਾ ਰਹੇ ਹਨ ਅਤੇ ਗ਼ਰੀਬਾਂ ਨੂੰ ਭੁੱਖੇ ਮਰਨ ਲਈ ਛੱਡਿਆ ਜਾ ਰਿਹਾ ਹੈ। 

ਜਦਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਿਹਤ ਸਹੂਲਤਾਂ ਬੇਹਤਰ ਬਣਾਉਣ, ਆਕਸੀਜਨ, ਵੈਕਸੀਨ ਤੇ ਡਾਕਟਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਪੰਜਾਬ ਤੇ ਕੇਂਦਰ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਜਾਂ ਕਰਫਿਊ ਕਰੋਨਾ ਦਾ ਹੱਲ ਨਹੀਂ ਹੈ। ਸਿਹਤ ਸਹੂਲਤਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤੇ ਲਾਕਡਾਊਨ ਖਤਮ ਕੀਤਾ ਜਾਵੇ। 

ਕਿਸਾਨ ਆਗੂ ਨੇ ਦਿੱਲੀ ਮੋਰਚੇ ਨੂੰ ਮਜਬੂਤ ਕਰਨ ਲਈ ਦੇਸ਼ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਅੰਦੋਲਨ ਵਿਚ ਸ਼ਮੂਲੀਅਤ ਕਰਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਇੱਕ ਗੰਭੀਰ ਬਿਮਾਰੀ ਹੋਣ ਬਾਰੇ ਕੋਈ ਦੋ ਰਾਏ ਨਹੀਂ ਹੈ ਪਰ ਸਰਕਾਰ ਕੋਰੋਨਾ ਦੇ ਨਾਮ 'ਤੇ ਆਪਣੀਆਂ ਜੰਿਮੇਵਾਰੀਆਂ ਤੋਂ ਕਿਨਾਰਾ ਕਰ ਰਹੀ ਹੈ ਅਤੇ ਲਾਕਡਾਊਨ ਨੂੰ ਇੱਕ ਬਹਾਨੇ ਵਜੋਂ ਇਸਤੇਮਾਲ ਕਰ ਰਹੀ ਹੈ।

ਉਗਰਾਹਾਂ ਨੇ ਸਵਾਲ ਚੁੱਕੇ ਕਿ ਕੀ ਕੋਰੋਨਾ ਸੋਮਵਾਰ ਤੋਂ ਸੁੱਕਰਵਾਰ ਤੱਕ ਨਹੀਂ ਹੈ ਅਤੇ ਸ਼ਨੀਵਾਰ-ਐਤਵਾਰ ਨੂੰ ਖਤਰਨਾਕ ਹੁੰਦਾ ਹੈ, ਜੋ ਇਸ ਦਿਨ ਸਖਤੀ ਕੀਤੀ ਜਾਂਦੀ ਹੈ? ਪੰਜਾਬ ਵਿੱਚ ਫਗਵਾੜਾ ਵਿਖੇ ਪੁਲਿਸ ਮੁਲਾਜ਼ਮ ਦੇ ਵਤੀਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਪੁਲਿਸ ਉੱਪਰ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਲਾਕਡਾਊਨ ਰਾਹੀਂ ਮੋਰਚੇ ਨੂੰ ਫ਼ੇਲ੍ਹ ਕਰਨਾ ਚਾਹੁੰਦੀ ਹੈ।

ਪਰ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ। ਦਿੱਲੀ-ਹਰਿਆਣਾ ਦੇ ਟਿਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਬਾਰੇ ਉਗਰਾਹਾਂ ਨੇ ਦੱਸਿਆ ਕਿ ਕਿਸਾਨ ਇੱਥੇ ਪੂਰੀ ਸਾਵਧਾਨੀ ਵਰਤ ਰਹੇ ਹਨ ਅਤੇ ਉਨ੍ਹਾਂ ਕੋਲ ਦਵਾਈਆਂ, ਸੈਨੇਟਾਇਜਰ ਅਤੇ ਹੋਰ ਲੋੜੀਂਦਾ ਸਮਾਨ ਮੌਜੂਦ ਹੈ।