20 ਲੱਖ ਕਰੋੜ ਕਿੱਥੇ, ਜਿਹੜਾ ਮੋਦੀ ਨੇ ਪਿਛਲੇ ਸਾਲ ਐਲਾਨਿਆ ਸੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਸਤੰਬਰ-ਅਕਤੂਬਰ 2020 ਦੇ ਵਿੱਚ ਕੋਰੋਨਾ ਦੇ ਕੇਸ ਬਹੁਤ ਜ਼ਿਆਦਾ ਘੱਟ ਗਏ ਅਤੇ ਉਦੋਂ ਹੀ ਦੇਸ਼ ਦੇ ਅੰਦਰ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ, ਪਰ ਕਿਸਾਨ ਅੰਦੋਲਨ ਤੋਂ ਠੀਕ ਤਿੰਨ ਮਹੀਨੇ ਪਹਿਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪਾਸੇ 20 ਲੱਖ ਕਰੋੜ ਰੁਪਏ ਦਾ ਐਲਾਨ ਕਰਕੇ ਇਹ ਕਹਿ ਦਿੱਤਾ ਕਿ, ਇਸ 20 ਲੱਖ ਕਰੋੜ ਨਾਲ ਭਾਰਤੀ ਲੋਕਾਂ ਦੀ ਕੋਰੋਨਾ ਕਹਿਰ ਦੌਰਾਨ ਮਦਦ ਕੀਤੀ ਜਾਵੇਗੀ। 

ਜਦੋਂਕਿ ਦੂਜੇ ਪਾਸੇ ਕਟੋਰਾ ਫੜ੍ਹ ਕੇ ਇਹ ਵੀ ਕਹਿ ਦਿੱਤਾ ਕਿ, ਦਾਨੀ ਸੱਜਣ 'ਪੀਐਮ ਕੇਅਰ ਫ਼ੰਡ' ਵਿੱਚ ਆਪਣਾ ਯੋਗਦਾਨ ਪਾਉਣ ਤਾਂ, ਜੋ ਕੋਰੋਨਾ ਨਾਲ 'ਅੱਛੇ ਤਰੀਕੇ' ਦੇ ਨਾਲ ਲੜਿਆ ਜਾ ਸਕੇ। 20 ਲੱਖ ਕਰੋੜ ਜਿਹੜੇ ਭਾਰਤੀ ਲੋਕਾਂ ਦੀ ਮਦਦ, ਭੁੱਖ ਤੋਂ ਲੋਕਾਂ ਨੂੰ ਬਚਾਉਣ ਜਾਂ ਫਿਰ ਲੋਕਾਂ ਦੀ ਆਰਥਿਤ ਤੌਰ 'ਤੇ ਥੋੜ੍ਹੀ ਬਹੁਤੀ ਮਦਦ ਕਰਨ ਲਈ ਪੀਐਮ ਨੇ ਐਲਾਨੇ ਸਨ, ਉਹ 20 ਲੱਖ ਕਰੋੜ ਦੀ ਹੁਣ ਤੱਕ ਹਵਾ ਨਹੀਂ ਨਿਕਲੀ ਕਿ ਕਿੱਥੇ ਗਏ? ਗੋਦੀ ਮੀਡੀਆ ਵੀ ਹੁਣ ਇਸ 20 ਲੱਖ ਕਰੋੜ ਰੁਪਏ ਦਾ ਜ਼ਿਕਰ ਨਹੀਂ ਕਰਦਾ।

ਸਗੋਂ ਇਹ ਕਹਿੰਦਾ ਹੋਇਆ ਗੋਦੀ ਮੀਡੀਆ ਵਿਖਾਈ ਦੇ ਜਾਵੇਗਾ, ਕਿ ਭਾਰਤ ਸਰਕਾਰ, ਲੋਕਾਂ ਲਈ ਆਹ ਸਹੂਲਤਾਂ ਲਿਆ ਰਹੀ ਹੈ, ਔਹ ਸਹੂਲਤਾਂ ਲਿਆ ਰਹੀ ਹੈ, ਜਦੋਂਕਿ ਅਸਲ ਦੇ ਵਿੱਚ ਭਾਰਤੀਆਂ ਨੂੰ ਕੁੱਝ ਦੇਣ ਦੀ ਬਿਜਾਏ, ਉਨ੍ਹਾਂ ਕੋਲੋਂ ਸਭ ਕੁੱਝ ਖੋਹਿਆ ਜਾ ਰਿਹਾ ਹੈ। 20 ਲੱਖ ਕਰੋੜ ਦੇ ਵਿੱਚੋਂ ਕੁੱਝ ਕੁ ਲੋਕਾਂ ਦੇ ਖਾਤਿਆਂ ਵਿੱਚ 500 ਰੁਪਏ ਤਾਂ ਪ੍ਰਧਾਨ ਮੰਤਰੀ ਜੀ ਦੇ ਵੱਲੋਂ ਪਾ ਦਿੱਤੇ ਗਏ, ਪਰ ਬਾਕੀ ਸਭ ਜਨਤਾ ਨੂੰ ਇਸ ਮਾਮੂਲੀ ਰਾਸ਼ੀ ਤੋਂ ਵੀ ਵਾਂਝੇ ਰੱਖਿਆ ਗਿਆ। 

ਹੈਰਾਨੀ ਦਾ ਗੱਲ ਤਾਂ ਇਹ ਕਿ, 500 ਰੁਪਏ ਤਾਂ ਸਰਕਾਰ ਦੁਆਰਾ ਇਸ ਤਰ੍ਹਾਂ ਕੁੱਝ ਕੁ ਲੋਕਾਂ ਦੇ ਖਾਤਿਆਂ ਵਿੱਚ ਘੱਲ ਗਏ, ਜਿਵੇਂ, ਇਹ 500 ਰੁਪਏ ਨਾਲ ਘਰ ਦਾ ਸਾਰਾ ਟੱਬਰ ਰੱਜ ਜਾਂਦਾ ਹੋਵੇ। ਮਹਿੰਗਾਈ ਦੇ ਦੌਰ ਵਿੱਚ ਜਿੱਥੇ ਇਹ ਰਕਮ ਬਹੁਤ ਘੱਟ ਸੀ, ਉੱਥੇ ਹੀ ਗੋਦੀ ਮੀਡੀਆ ਨੇ ਇਸ ਰਕਮ ਨੂੰ ਇਸ ਤਰ੍ਹਾਂ ਵਿਖਾਇਆ, ਜਿਵੇਂ ਪ੍ਰਧਾਨ ਮੰਤਰੀ ਨੇ ਕਰੋੜਾਂ ਰੁਪਇਆ ਪਬਲਿਕ ਨੂੰ ਦਾਨ ਦੇ ਰੂਪ ਵਿੱਚ ਦਿੱਤਾ ਹੋਵੇ। ਪ੍ਰਧਾਨ ਮੰਤਰੀ ਦੇ 500 ਰੁਪਏ ਦਿੱਤੇ, ਆਖ਼ਰ ਕਿੰਨੇ ਕੁ ਦਿਨ ਕੱਢਦੇ? 

ਗ਼ਰੀਬ ਤਾਂ ਵਿਚਾਰੇ, ਰੁਜ਼ਗਾਰ ਤੋਂ ਵੀ ਹੱਥ ਧੋਹ ਬੈਠੇ, ਉਲਟਾ ਉਨ੍ਹਾਂ ਨੂੰ ਵਾਰ ਵਾਰ ਸਾਬਨ ਦੇ ਨਾਲ ਹੱਥ ਧੋਣ ਲਈ ਕਹਿ ਦਿੱਤਾ ਗਿਆ। ਹੁਕਮਰਾਨ ਦੇ 20 ਲੱਖ ਕਰੋੜ ਦਾ ਢੌਂਗ ਮੁੱਕਿਆ ਨਹੀਂ ਸੀ ਕਿ, ਅਗਲੇ ਪਾਸੇ 'ਪੀਐਮ ਕੇਅਰ ਫ਼ੰਡ' ਦਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ। 'ਪੀਐਮ ਕੇਅਰ ਫ਼ੰਡ' ਵਿੱਚੋਂ ਵੱਡੀ ਗਿਣਤੀ ਵਿੱਚ ਪੈਸਾ, ਉੱਕੜ ਦੁੱਕੜ ਖ਼ਰਚ ਮਾਰਿਆ ਅਤੇ ਫਿਰ ਤੋਂ ਹੱਥਾਂ ਅੱਡਣਾ ਸ਼ੁਰੂ ਕਰ ਦਿੱਤਾ ਕਿ, 'ਮੈਂ ਤੋਂ ਬਰਬਾਦ ਹੋ ਗਈ, ਕੁਛ ਦਾਨ ਕਰੋ'!