ਮਜ਼ਦੂਰਾਂ ਨੂੰ ਕੋਰੋਨਾ ਘਿਓ ਨਹੀਂ, ਬਲਕਿ ਵਿਉ ਵਾਂਗ ਲੱਗਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਰੋੜਾਂ ਭਾਰਤੀ ਦਿਹਾੜੀਦਾਰਾਂ ਨੂੰ ਜਿੱਥੇ ਪਿਛਲੇ ਸਾਲ ਕੋਈ ਕੰਮ ਨਹੀਂ ਮਿਲਿਆ, ਉੱਥੇ ਹੀ ਇਸ ਸਾਲ ਦੇ ਚਾਰ ਮਹੀਨੇ ਲੰਘ ਜਾਣ ਮਗਰੋਂ ਵੀ ਉਨ੍ਹਾਂ ਦੇ ਹੱਥ ਖਾਲੀ ਹਨ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਅਧਿਐਨ ਨੇ ਇਹ ਵੀ ਰਿਪੋਰਟ ਜਾਰੀ ਕੀਤੀ ਕਿ, ਕੋਰੋਨਾ ਲਾਕਡਾਊਨ ਦੌਰਾਨ ਭਾਰਤੀਆਂ ਦੀਆਂ ਕਰੀਬ 47 ਪ੍ਰਤੀਸ਼ਤ ਔਰਤਾਂ ਨੂੰ ਸਥਾਈ ਤੌਰ 'ਤੇ ਆਪਣਾ ਰੁਜ਼ਗਾਰ ਗਵਾਉਣਾ ਪਿਆ, ਜਿਸ ਦੇ ਕਾਰਨ ਹੁਣ ਵੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਦੇ ਨਾਲ ਚੱਲ ਰਿਹਾ ਹੈ। 

ਵੈਸੇ, ਲਾਕਡਾਊਨ ਦਾ ਨਾਂਅ ਅਸੀਂ ਸਾਰਿਆਂ ਨੇ ਮਾਰਚ 2010 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂੰਹੋਂ ਸੁਣਿਆ। ਕਿਸੇ ਨੂੰ ਕੋਈ ਅਤਾ ਪਤਾ ਨਹੀਂ ਸੀ ਕਿ ਲਾਕਡਾਊਨ ਹੁੰਦਾ ਕੀ ਐ? ਕਰਫ਼ਿਊ ਬਾਰੇ ਤਾਂ ਲੋਕਾਂ ਨੂੰ ਪਤਾ ਸੀ, ਪਰ ਲਾਕਡਾਊਨ ਕੀ ਹੁੰਦੈ, ਇਹਦਾ ਕਿੰਨਾ ਨੁਕਸਾਨ ਹੁੰਦੈ, ਇਹਦੇ ਬਾਰੇ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਸੀ। ਕੋਰੋਨਾ ਵਾਇਰਸ ਨੂੰ ਰੋਕਣ ਵਾਸਤੇ ਲਗਾਇਆ ਗਿਆ ਲਾਕਡਾਊਨ ਭਾਵੇਂ ਹੀ, ਕੋਰੋਨਾ ਵਾਇਰਸ ਨੂੰ ਨਾ ਰੋਕ ਸਕਿਆ ਹੋਵੇਗਾ।

ਪਰ ਇਹ ਕੋਰੋਨਾ ਲਾਕਡਾਊਨ ਕਾਰਪੋਰੇਟ ਘਰਾਣਿਆਂ ਨੂੰ ਘਿਓ ਵਾਂਗ ਲੱਗਿਆ। ਮਾਰਚ-2020 ਦੇ ਅਖ਼ੀਰਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, ਜੇਕਰ ਕੋਰੋਨਾ ਨੂੰ ਰੋਕਣਾ ਹੈ ਤਾਂ ਸਾਨੂੰ ਲਾਕਡਾਊਨ ਅਤੇ ਕਰਫ਼ਿਊ ਦੋਨੋਂ ਲਗਾਉਣੇ ਪੈਣਗੇ ਤਾਂ ਜਾ ਕੇ ਅਸੀਂ ਇਸ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਾਂ। ਪਰ, ਪ੍ਰਧਾਨ ਮੰਤਰੀ ਨੇ ਲਾਕਡਾਊਨ ਅਤੇ ਕਰਫ਼ਿਊ ਲਗਾਉਣ ਤੋਂ ਪਹਿਲੋਂ ਜਿੱਥੇ ਕਿਸੇ ਪ੍ਰਕਾਰ ਦੀ ਕੋਈ ਤਿਆਰੀ ਨਹੀਂ ਸੀ ਖਿੱਚੀ।

ਉੱਥੇ ਹੀ ਪ੍ਰਧਾਨ ਮੰਤਰੀ ਜੀ, ਕੁੱਝ ਦਿਨ ਪਹਿਲੋਂ ਹੀ ਆਪਣੇ ਯਾਰ ਡੋਨਾਲਡ ਟਰੰਪ ਅਤੇ ਉਹਦੇ ਪਰਿਵਾਰ ਦੇ ਨਾਲ ਮੌਜ ਮਸਤੀ ਕਰਦੇ ਵੇਖੇ ਗਏ ਸਨ। ਭਾਰਤੀਆਂ ਨੇ ਪ੍ਰਧਾਨ ਦੀ ਗੱਲ ਮੰਨ ਕੇ, ਘਰਾਂ ਦੇ ਅੰਦਰ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਜਿਹੜਾ ਮਾੜਾ ਮੋਟਾ ਰਾਸ਼ਨ ਸੀ, ਉਹਦੇ ਨਾਲ ਹੀ ਗੁਜ਼ਾਰਾ ਕਰਿਆ, ਪਰ ਸਵਾਲ ਇੱਥੇ ਇਹ ਹੈ ਕਿ ਮਿਡਲ ਕਲਾਸ ਨੇ ਤਾਂ ਮਾੜੇ ਮੋਟੇ ਰਾਸ਼ਨ ਨੂੰ ਖਾ ਕੇ ਗੁਜ਼ਾਰਾ ਕਰ ਲਿਆ, ਜਿਹੜੇ ਵਿਚਾਰਿਆਂ ਨੇ ਸਵੇਰੇ ਦਿਹਾੜੀ ਕਰਕੇ ਰਾਤ ਨੂੰ ਰੋਟੀ ਖਾਣੀ ਹੁੰਦੀ ਸੀ, ਉਨ੍ਹਾਂ ਦਾ ਕੰਮ ਬਾਹਲ਼ਾ ਔਖਾ ਹੋ ਗਿਆ। ਮਜ਼ਦੂਰਾਂ ਨੂੰ ਇਹ ਕੋਰੋਨਾ ਘਿਓ ਨਹੀਂ, ਬਲਕਿ ਵਿਉ ਵਾਂਗ ਲੱਗਿਆ।