ਭਾਰਤ ਵਿੱਚ ਬੀਐਸਐਨਐਲ ਕਿੰਝ ਫ਼ੇਲ੍ਹ ਹੋਈ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਤੋਂ ਕੋਈ 20-22 ਸਾਲ ਪਹਿਲੋਂ ਭਾਰਤ ਦੇ ਅੰਦਰ ਜ਼ਿਆਦਾਤਰ ਬੀਐਸਐਨਐਲ ਦੇ ਕੁਨੈਕਸ਼ਨ ਹੁੰਦੇ ਸਨ ਅਤੇ ਉਹਦੀ ਕਾਲ ਵੀ ਕਾਫ਼ੀ ਮਹਿੰਗੀ ਹੁੰਦੀ ਸੀ। ਬੀਐਸਐਨਐਲ ਨੂੰ ਖ਼ਤਮ ਕਰਨ ਵਾਸਤੇ ਅੰਬਾਨੀ ਘਰਾਣੇ ਨੇ ਸਕੀਮ ਘੜੀ ਅਤੇ ਸਰਕਾਰ ਕੋਲੋਂ ਮੋਟਾ ਕਰਜ਼ਾ ਲੈ ਕੇ, ਭਾਰਤ ਦੇ ਅੰਦਰ ਰਿਲਾਇੰਸ ਮੋਬਾਈਲ ਕੰਪਨੀ ਦੇ ਕੁਨੈਕਸ਼ਨਾਂ ਵਿੱਚ ਵਾਧਾ ਕਰ ਮਾਰਿਆ ਅਤੇ ਬੀਐਸਐਨਐਲ ਤੋਂ ਵੀ ਵਧੀਆ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਬੇਸ਼ੱਕ ਅੰਬਾਨੀ ਗਰੁੱਪ ਕਰੀਬ 60 ਸਾਲ ਪੁਰਾਣਾ ਗਰੁੱਪ ਹੈ ਅਤੇ ਸਰਕਾਰੀ ਕੰਪਨੀ ਬੀਐਸਐਨਐਲ ਨੂੰ ਖ਼ਤਮ ਕਰਨ ਦੀਆਂ ਚਾਲਾਂ ਸ਼ੁਰੂ ਤੋਂ ਹੀ ਹੁਕਮਰਾਨਾਂ ਦੇ ਨਾਲ ਰਲ ਕੇ ਅੰਬਾਨੀ ਗਰੁੱਪ ਚੱਲਦਾ ਰਿਹਾ ਹੈ, ਪਰ ਜ਼ਿਆਦਾ ਪ੍ਰਭਾਵ 20-22 ਸਾਲ ਪਹਿਲੋਂ ਮੁਲਕ ਦੇ ਉੱਪਰ ਪਿਆ ਅਤੇ ਲੋਕਾਂ ਨੇ ਜ਼ਿਆਦਾ ਮੋਬਾਈਲ ਖ਼ਰੀਦਣੇ ਸ਼ੁਰੂ ਕਰ ਦਿੱਤੇ ਅਤੇ ਪ੍ਰਾਈਵੇਟ ਮੋਬਾਈਲ ਕੰਪਨੀਆਂ ਨੇ ਸਸਤੇ ਵਿੱਚ ਡਾਟਾ ਅਤੇ ਕਾਲਿੰਗ ਦੇਣੀ ਸ਼ੁਰੂ ਕਰ ਦਿੱਤੀ। 

ਬੀਐਸਐਨਐਲ ਦਾ ਅੱਜ ਜੋ ਹਾਲ ਹੈ, ਲੱਗਦਾ ਨਹੀਂ ਕਿ, ਇਨ੍ਹਾਂ ਮਾੜਾ ਹਾਲ ਕਿਸੇ ਹੋਰ ਜਨਤਕ ਤੋਂ ਪ੍ਰਾਈਵੇਟ ਹੋਏ ਅਦਾਰੇ ਦਾ ਹੋ ਚੁੱਕਿਆ ਹੋਵੇਗਾ। ਬੀਐਸਐਨਐਲ ਅੱਜ ਬੜੀ ਮੁਸ਼ਕਲ ਦੇ ਨਾਲ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇ ਰਿਹਾ ਹੈ। ਬੀਐਸਐਨਐਲ ਦੇ ਨਾਲ ਨਾਲ ਹੁਣ ਤੱਕ ਕਈ ਸਰਕਾਰੀ ਵਿਭਾਗ ਅਤੇ ਕੰਪਨੀਆਂ ਨਿੱਜੀ ਹੱਥਾਂ ਵਿੱਚ ਚਲੀਆਂ ਗਈਆਂ ਹਨ, ਜਿਨ੍ਹਾਂ ਦਾ ਨੁਕਸਾਨ ਕਿਸੇ ਸਰਕਾਰ ਨੂੰ ਨਹੀਂ, ਬਲਕਿ ਅਵਾਮ ਨੂੰ ਹੀ ਹੋ ਰਿਹਾ ਹੈ। 

ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਕੇ, ਸਰਕਾਰ ਮੁਲਕ ਦੀ ਫੱਟੀ ਪੋਚੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕਰੀ ਜਾ ਰਹੀ ਹੈ। ਇੱਕ ਪਾਸੇ ਤਾਂ ਸਰਕਾਰ ਨੇ 2 ਕਰੋੜ ਪ੍ਰਤੀ ਸਾਲ ਨੌਕਰੀਆਂ ਦੇਣ ਦਾ ਵਾਅਦਾ 2014 ਦੀਆਂ ਚੋਣਾਂ ਸਮੇਂ ਕੀਤਾ ਸੀ, ਉੱਥੇ ਹੀ ਦੂਜੇ ਪਾਸੇ ਉਕਤ ਵਾਅਦਾ ਪੂਰਾ ਨਾ ਹੋਣ ਚੱਲਦਿਆਂ, ਪਹਿਲੋਂ ਲੱਗੇ ਨੌਕਰੀਆਂ 'ਤੇ ਲੋਕਾਂ ਨੂੰ ਨੌਕਰੀਉਂ ਫ਼ਾਰਗ ਕਰਿਆ ਜਾ ਰਿਹਾ ਹੈ।

ਖ਼ੈਰ, ਵਿਸ਼ਵ ਗੁਰੂ ਭਾਰਤ ਦੀ ਇਹ ਹੀ ਅਸਲੀ ਤਸਵੀਰ ਹੈ ਕਿ, ਮੁਲਕ ਦੇ ਰੁਜ਼ਗਾਰਕਾਰੀ ਲੋਕਾਂ ਨੂੰ ਬੇਰੁਜ਼ਗਾਰ ਕਰਕੇ, ਉਨ੍ਹਾਂ ਨੂੰ ਖ਼ਾਲੀ ਹੱਥ ਮਰਨ ਵਾਸਤੇ ਮਜ਼ਬੂਰ ਕੀਤਾ ਜਾਵੇ।