ਐਨੂੰ ਕਹਿੰਦੈ ਸੰਘਰਸ਼: ਨਾ ਡਰੇ ਸਰਕਾਰੀ ਦਬਕੇ ਤੋਂ, ਨਾ ਕੀਤੀ ਹੜਤਾਲ ਖ਼ਤਮ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਵੱਲੋਂ ਇੱਕ ਖ਼ਤਰਨਾਕ ਪੱਤਰ ਜਾਰੀ ਕਰਕੇ ਐਨਐਚਐਮ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਦਰਅਸਲ, ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਐਨਐਚਐਮ ਕਰਮਚਾਰੀ ਹੜਤਾਲ 'ਤੇ ਚੱਲ ਰਹੇ ਸਨ। ਸਰਕਾਰ ਦੇ ਮੁਤਾਬਿਕ,  ਐਨਐਚਐਮ ਕਰਮਚਾਰੀਆਂ ਦੀ ਹੜਤਾਲ ਦੇ ਨਾਲ ਸਿਹਤ ਸੁਵਿਧਾਵਾਂ ਵਿੱਚ ਭਾਰੀ ਨੁਕਸਾਨ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਸੇਵਾਵਾਂ ਖ਼ਤਮ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਹੈ। 

ਜਦੋਂਕਿ, ਦੂਜੇ ਪਾਸੇ ਐਨਐਚਐਮ ਕਰਮਚਾਰੀਆਂ ਦੇ ਕੰਮ 'ਤੇ ਪਰਤਣ ਦੇ ਸਖ਼ਤ ਹੁਕਮ ਅਤੇ ਸੋਮਵਾਰ 10 ਵਜੇ ਤੱਕ ਨਾ ਪਰਤਣ ਵਾਲਿਆਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਸਰਕਾਰੀ ਦਬਕਿਆਂ ਅਤੇ ਹੜਤਾਲ ਵਾਪਸ ਲੈ ਲਈ, ਪਰ ਹੜਤਾਲ ਜਾਰੀ ਹੈ। ਸਵੈ ਵਿਰੋਧੀ ਦਾਅਵਿਆਂ ਤੇ ਭਰਮ ਸਿਰਜਕ ਪ੍ਰਚਾਰ ਦੇ ਬਾਵਜੂਦ ਸੂਬੇ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੰਮ ਕਰ ਰਹੇ ਮੁਲਾਜ਼ਮ ਹੜਤਾਲ 'ਤੇ ਹੀ ਰਹੇ। 

ਜਾਣਕਾਰੀ ਮੁਤਾਬਿਕ, ਸੂਬੇ ਦੇ ਡਾਕਟਰ, ਫਾਰਮਾਸਿਸਟ, ਸਟਾਫ ਨਰਸ, ਲੈਬ ਟੈਕਨੀਸ਼ੀਅਨ, ਸਮੇਤ ਵੱਖ ਵੱਖ ਤਰ੍ਹਾਂ ਦੇ 11 ਤੋਂ 12 ਹਜ਼ਾਰ ਮੁਲਾਜ਼ਮ 4 ਮਈ ਤੋਂ ਰੈਗੂਲਰ ਹੋਣ ਲਈ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਐਨ ਐਲ ਐਮ ਅਧਿਕਾਰੀਆਂ ਨਾਲ ਕਈ ਦੌਰ ਦੀ ਗੱਲਬਾਤ ਦੌਰਾਨ ਰੈਗੂਲਰ ਕਰਨ ਦੀ ਥਾਂ ਭਵਿੱਖ ਵਿੱਚ ਕੱਢੀਆਂ ਜਾਣ ਵਾਲੀਆਂ ਆਸਾਮੀਆਂ ਵਿੱਚ 50 ਫੀਸਦ ਰਾਖਵਾਂਕਰਨ ਦੇ ਕੇ ਬਿਨਾਂ ਟੈਸਟ ਤੇ ਬਿਨਾਂ ਉਮਰ ਹੱਦ ਵਿਚਾਰੇ ਭਰਤੀ ਕਰਨ ਅਤੇ ਸਾਲਨਾ ਤਨਖਾਹ ਵਾਧਾ 6 ਤੋਂ 15 ਫੀਸਦ ਕਰਨਾ ਹੀ ਸਰਕਾਰ ਮੰਨੀ ਸੀ।

ਇਸ ਨਾਲ ਮੁਲਾਜ਼ਮ ਵਿੱਚ ਦੋ ਕੇਦਰ ਉਭਰ ਆਏ। ਇਕ ਉਹ ਜਿਹੜਾ ਰੈਗੂਲਰ ਹੋਣ ਤੱਕ ਹੜਤਾਲ ਜਾਰੀ ਰੱਖਣਾ ਚਾਹੁੰਦਾ, ਦੂਜਾ ਸਰਕਾਰ ਦੇ ਸਖ਼ਤ ਰੌਅ ਤੇ ਕਿਸੇ ਵੱਡੀ ਕਾਰਵਾਈ ਦੇ ਸ਼ੰਕੇ ਕਾਰਨ ਫਿਲਹਾਲ ਹੜਤਾਲ ਮੁਲਤਵੀ ਕਰਕੇ ਡਿਊਟੀ 'ਤੇ ਹਾਜ਼ਰ ਹੋਣ ਦੀ ਰਾਏ ਰੱਖਦਾ ਹੈ। ਇਸ ਦਰਮਿਆਨ ਸਰਕਾਰ ਨੇ ਸਖਤੀ ਕਰਨ ਦੇ ਰੌਅ ਵਿੱਚ ਸੋਮਵਾਰ ਸੁਭਾ 10 ਵਜੇ ਤੱਕ ਹਾਜ਼ਰ ਹੋਣ, ਨਾ ਹੋਣ ਵਾਲਿਆਂ ਦੀ ਤਨਖਾਹ ਕੱਟਣ ਦੇ ਹੁਕਮ ਸਰਕਾਰ ਨੇ ਜਾਰੀ ਕਰ ਦਿੱਤੇ। ਇਸ ਤੋਂ ਇਲਾਵਾ ਇੱਕ ਹੋਰ ਹੁਕਮ ਜਾਰੀ ਕਰਕੇ ਲੋੜ ਅਨੁਸਾਰ 1 ਹਜ਼ਾਰ ਰੁਪਏ ਦਿਹਾੜੀ 'ਤੇ 15 ਦਿਨਾਂ ਨਰਸਾਂ, ਲੈਬ ਸਟਾਫ ਸਮੇਤ ਭਰਤੀ ਕਰਨ ਦੇ ਅਖਤਿਆਰ ਸਿਵਲ ਸਰਜਨ ਨੂੰ ਦੇ ਦਿੱਤੇ।