ਕੀ ਦਿੱਲੀ ਮੋਰਚਾ ਕਿਸਾਨ ਜਿੱਤਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਬਰੂੰਹਾਂ 'ਤੇ ਕਿਸਾਨਾਂ ਦਾ ਅੰਦੋਲਨ ਪਿਛਲੇ ਕਰੀਬ ਸਾਢੇ 5 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ, ਪਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਿਜਾਏ, ਖੇਤੀ ਕਾਨੂੰਨਾਂ ਦੇ ਵਿਰੁੱਧ ਸੋਧ ਕਰਨ ਲਈ ਰਾਜ਼ੀ ਹੋ ਗਈ ਹੈ, ਜਦੋਂਕਿ ਸੋਧ ਕਿਸਾਨਾਂ ਨੂੰ ਕਿਸੇ ਵੀ ਹੱਦ ਤੱਕ ਮਨਜ਼ੂਰ ਨਹੀਂ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਰੇੜਕਾ ਲਗਾਤਾਰ ਵਧਦਾ ਜਾ ਰਿਹਾ ਹੈ। 

ਹੁਣ ਸਵਾਲ ਉੱਠਦਾ ਹੈ ਕਿ ਕੀ ਦਿੱਲੀ ਮੋਰਚਾ ਕਿਸਾਨ ਜਿੱਤ ਪਾਉਣਗੇ ਜਾਂ ਨਹੀਂ? ਕੀ ਸਰਕਾਰ ਕੋਈ ਦਬਾਅ ਪਾ ਕੇ, ਮੋਰਚੇ ਨੂੰ ਖ਼ਤਮ ਕਰਵਾ ਦੇਵੇਗੀ? ਅਜਿਹੇ ਅਨੇਕਾਂ ਸਵਾਲ ਹਨ, ਪਰ ਅਸਲ ਸਵਾਲ ਤਾਂ ਇਹ ਹੈ ਕਿ ਆਖ਼ਰ ਕਿਸਾਨ ਮੋਰਚੇ ਦਾ ਬਣੇਗਾ ਕੀ? ਖ਼ੈਰ, ਮੋਰਚਾ ਲਗਾਤਾਰ ਜਾਰੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ ਸਾਢੇ 5 ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਨੂੰ ਲਗਾਤਾਰ ਵੱਡੇ ਹੁੰਗਾਰੇ ਮਿਲ ਰਹੇ ਹਨ, ਕਿਉਂਕਿ ਕਿਸਾਨਾਂ ਦੀ ਗਿਣਤੀ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। 

ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਜਥਿਆਂ ਦਾ ਜਾਣ ਵੱਡਾ ਕਾਰਨ ਇਹ ਸੀ ਕਿ ਅੱਜ ਦੇ ਦਿਨ 1857 ਵਿਚ ਬਰਤਾਨਵੀ ਹਕੂਮਤ ਖ਼ਿਲਾਫ਼ ਹੋਏ ਗ਼ਦਰ ਦੀ ਸ਼ੁਰੂਆਤ ਦਾ ਪਹਿਲਾ ਦਿਨ ਸੀ। ਇਸ ਇਤਿਹਾਸਕ ਦਿਨ ਮੌਕੇ ਕਿਸਾਨੀ ਸੰਘਰਸ਼ ਵਿੱਚ ਜੋਸ਼ ਭਰਨ ਲਈ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ, ਜਿਨ੍ਹਾਂ ਵਿਚ ਬੀਕੇਯੂ ਰਾਜੇਵਾਲ, ਬੀਕੇਯੂ ਕਾਦੀਆਂ, ਬੀਕੇਯੂ ਲੱਖੋਵਾਲ, ਬੀਕੇਯੂ ਦੋਆਬਾ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ ਅਤੇ ਪੱਗੜੀ ਸੰਭਾਲ ਲਹਿਰ ਨਾਲ ਸਬੰਧਤ ਕਿਸਾਨ ਜੱਥਿਆਂ ਦੇ ਰੂਪ ਵਿੱਚ ਪੁੱਜੇ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦਾ ਦਿਨ ਇਤਿਹਾਸ ਵਿੱਚ ਅਹਿਮ ਸਥਾਨ ਰੱਖਦਾ ਹੈ, ਕਿਉਂਕਿ ਅੱਜ ਦਿਨ ਹੀ ਬਰਤਾਨਵੀ ਹਕੂਮਤ ਦੇ ਜਬਰ ਖ਼ਿਲਾਫ਼ 1857 ਦਾ ਗ਼ਦਰ ਸ਼ੁਰੂ ਹੋਇਆ ਸੀ ਅਤੇ ਭਾਰਤੀਆਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਹਿੰਮਤ ਦਿਖਾਈ ਸੀ। ਇਹ ਗ਼ਦਰ ਇਕ ਥਾਂ ਤੋਂ ਸ਼ੁਰੂ ਹੋਇਆ ਸੀ ਅਤੇ ਹੌਲ਼ੀ-ਹੌਲ਼ੀ ਇਹ ਸਾਰੇ ਦੇਸ਼ ਵਿੱਚ ਫੈਲ ਗਿਆ ਸੀ।

ਸੰਯੁਕਤ ਕਿਸਾਨ ਮੋਰਚੇ ਵੱਲੋਂ 1857 ਦੇ ਗ਼ਦਰ ਦੀ ਯਾਦ ਤਾਜ਼ਾ ਕਰਨ ਅਤੇ ਦੇਸ਼ ਵਾਸੀਆਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਗਏ ਸੰਘਰਸ਼ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਮੌਜੂਦਾ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨ ਵਾਸਤੇ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ 12 ਮਈ ਨੂੰ ਵੀ ਪੰਜਾਬ ਤੋਂ ਵੱਡੀ ਪੱਧਰ 'ਤੇ ਜਥੇ ਦਿੱਲੀ ਵੱਲ ਕੂਚ ਕਰਨਗੇ, ਕਿਉਂਕਿ ਉਸ ਦਿਨ ਜ਼ਾਲਮ ਹਾਕਮਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੰਘ-ਸੂਰਮਿਆਂ ਨੇ ਸੋਧ ਕੇ ਸਰਹਿੰਦ ਫ਼ਤਹਿ ਕੀਤੀ ਸੀ।