ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲੋਂ ਈਵੀਐਮ ਦਾ ਪਵੇਗਾ ਭੋਗ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਗਾਮੀ ਸਾਲ 2022 ਦੇ ਵਿੱਚ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲੋਂ ਹੀ ਈਵੀਐਮ ਮਸ਼ੀਨਾਂ ਨੂੰ ਬੰਦ ਕਰਨ ਦੇ ਸਬੰਧ ਵਿੱਚ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਇਸ ਵੇਲੇ ਈਵੀਐਮ ਮਸ਼ੀਨਾਂ ਦੇ ਬਾਈਕਾਟ ਸਬੰਧੀ ਮਤੇ ਪਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਈਵੀਐਮ ਮਸ਼ੀਨਾਂ ਰਾਹੀਂ ਵੋਟ ਪਾਉਣਗੇ ਹੀ ਨਹੀਂ। ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਬਹੁਤ ਸਾਰੇ ਲੀਡਰ ਸਲਾਹ ਵੀ ਰਹੇ ਹਨ। 

ਜਦੋਂਕਿ ਕੇਂਦਰ ਵਿਰੋਧੀ ਪੰਜਾਬ ਸਰਕਾਰ ਦਾ ਕੋਈ ਵੀ ਬਿਆਨ ਈਵੀਐਮ ਦੇ ਸਬੰਧ ਵਿੱਚ ਸਾਹਮਣੇ ਨਹੀਂ ਆਇਆ। ਪਿੰਡ ਦੀਆਂ ਪੰਚਾਇਤਾਂ ਦੇ ਮਤਿਆਂ ਦੀ ਹਮਾਇਤ ਕਰਦਿਆਂ ਹੋਇਆ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਪੱਤਰ ਲਿਖ ਕੇ ਈ.ਵੀ.ਐਮ ਹਟਾ ਕੇ ਬੈਲਟ ਪੈਪਰ ਤੇ ਵੋਟਾਂ ਪਵਾਉਣ ਲਈ ਵਿਧਾਨ ਸਭਾ ਵਿਚ ਦਵਾਏ ਵਿਸ਼ਵਾਸ਼ 'ਤੇ ਅਗਲੇਰੀ ਕਾਰਵਾਈ ਕਰਨ ਲਈ ਕਿਹਾ ਹੈ। 

ਆਪਣੇ ਪੱਤਰ ਵਿੱਚ ਬੈਂਸ ਨੇ ਸਪੀਕਰ ਨੂੰ ਲਿਖਿਆ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਧਿਆਨ ਦਵਾਉ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਜਿਸ ਦਾ ਵਿਸ਼ਾ ਪੰਜਾਬ ਸੂਬੇ ਵਿੱਚੋਂ ਈ.ਵੀ.ਐਮ ਮਸ਼ੀਨ ਹਟਾ ਕੇ ਬੈਲਟ ਪੇਪਰ 'ਤੇ ਵੋਟਾਂ ਪਾਉਣ ਸੰਬੰਧੀ ਸੀ। ਕਿਉਂਕਿ ਦੇਸ਼ ਦੇ ਵੋਟਰ ਈ.ਵੀ.ਐਮ ਮਸ਼ੀਨ ਤੋਂ ਡਰੇ ਹੋਏ ਹਨ ਅਤੇ ਦੇਸ਼ ਦੇ ਆਮ ਲੋਕ ਚਾਹੁੰਦੇ ਹਨ ਕਿ ਈ.ਵੀ.ਐਮ ਮਸ਼ੀਨ ਹਟਾ ਕੇ ਬੈਲਟ ਪੈਪਰ 'ਤੇ ਵੋਟਾਂ ਪਵਾਇਆ ਜਾਣ। 

ਉਨ੍ਹਾਂ ਉਦਾਹਰਨ ਦੇ ਤੌਰ 'ਤੇ ਮਹਾਰਾਸ਼ਟਰ ਅਸੈਬਲੀ ਦੇ ਸਪੀਕਰ ਨਾਨਾ ਪਟੋਲੇ ਵੱਲੋਂ ਮਹਾਰਾਸ਼ਟਰ ਦੇ ਮੈਂਬਰਾਂ 'ਤੇ ਆਧਾਰਿਤ ਬਣਾਈ ਹੋਈ ਵਿਧਾਨ ਸਭਾ ਕਮੇਟੀ ਜੋ ਕਿ ਮਹਾਰਾਸ਼ਟਰ ਵਿਚੋਂ ਈ.ਵੀ.ਐਮ ਮਸ਼ੀਨ ਹਟਾ ਕੇ ਬੈਲਟ ਪੇਪਰ 'ਤੇ ਵੋਟਾਂ ਸੰਬੰਧੀ ਗਠਿਤ ਕੀਤੀ ਗਈ ਸੀ, ਦਾ ਜ਼ਿਕਰ ਕੀਤਾ ਸੀ। ਜਿਸ ਕਮੇਟੀ ਨੇ ਸਿਫਾਰਿਸ਼ ਦਿੰਦੇ ਹੋਏ ਸੂਬੇ ਦੀ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਸੂਬੇ ਅੰਦਰ ਈ.ਵੀ.ਐਮ ਮਸ਼ੀਨ ਹਟਾ ਕੇ ਬੈਲਟ ਪੇਪਰ ਤੇ ਵੋਟਾ ਪਾਉਣ ਦਾ ਅਧਿਕਾਰ ਭਾਰਤੀ ਸੰਵਿਧਾਨ ਦੀ ਧਾਰਾ 328 ਅਧੀਨ ਸੂਬੇ ਦੀਆਂ ਅਸੈਬਲੀਆਂ ਨੂੰ ਪ੍ਰਾਪਤ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਚੋਣਾਂ ਤੋਂ ਪਹਿਲੋਂ ਪਹਿਲੋਂ ਪੰਜਾਬ ਵਿਧਾਨ ਸਭਾ ਵਿੱਚ ਈਵੀਐਮ ਮਸ਼ੀਨਾਂ ਨੂੰ ਖ਼ਤਮ ਕਰਨ ਸਬੰਧੀ ਮਤਾ ਪਾਇਆ ਜਾਵੇਗਾ ਜਾਂ ਨਹੀਂ?