ਪੰਜਾਬ ਦੇ ਅਧਿਆਪਕਾਂ ਦਾ ਵੈਰੀ ਬਣਿਆ ਸਿੱਖਿਆ ਵਿਭਾਗ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਚਲਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਅੰਦਰ ਸਾਰੇ ਸਕੂਲ ਅਧਿਆਪਕਾਂ ਵਾਸਤੇ ਖੁੱਲ੍ਹੇ ਹਨ, ਜਦੋਂਕਿ ਸਕੂਲਾਂ ਦੇ ਅੰਦਰ ਬੱਚੇ ਜਾ ਹੀ ਨਹੀਂ ਰਹੇ। ਕਿਉਂਕਿ ਸਰਕਾਰ ਦੁਆਰਾ ਬੱਚਿਆਂ ਦੀ ਹਾਜ਼ਰੀ 'ਤੇ ਪਾਬੰਦੀ ਲਗਾਈ ਹੋਈ ਹੈ ਅਤੇ ਅਧਿਆਪਕਾਂ ਨੂੰ ਸਕੂਲਾਂ ਦੇ ਵਿੱਚ ਹਾਜ਼ਰ ਰਹਿਣ ਦਾ ਫ਼ਰਮਾਨ ਸੁਣਾਇਆ ਹੋਇਆ ਹੈ। ਅਧਿਆਪਕ ਵਿਰੋਧੀ ਫ਼ਰਮਾਨ ਦੇ ਖ਼ਿਲਾਫ਼ ਬਹੁਤ ਸਾਰੀਆਂ ਅਧਿਆਪਕ ਜਥੇਬੰਦੀਆਂ ਅਤੇ ਲੋਕਪੱਖੀ ਜਥੇਬੰਦੀਆਂ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ।

ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਸਰਵਣ ਸਿੰਘ ਔਜਲਾ ਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ ਨੇ ਲੰਘੀ ਸ਼ਾਮ 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆ ਹੋਇਆ ਦੱਸਿਆ ਕਿ, ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ, ਅਦਾਰਿਆਂ, ਸਕੂਲਾਂ ਵਿੱਚ ਸਿਰਫ 50 ਪ੍ਰਤੀਸ਼ਤ ਸਟਾਫ ਹੀ ਹਾਜ਼ਰ ਰਹਿਣ ਦੇ ਹੁਕਮ ਕੀਤੇ ਹਨ, ਪਰ ਸਿੱਖਿਆ ਵਿਭਾਗ ਨੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗਦਿਆਂ ਉੱਤੋਂ ਦੀ ਹੁਕਮ ਜਾਰੀ ਕਰ ਦਿੱਤੇ ਹਨ, ਕਿ ਜਿਹਨਾਂ ਸਕੂਲਾਂ ਵਿੱਚ ਕਰਮਚਾਰੀਆਂ ਦੀ ਗਿਣਤੀ 10 ਜਾਂ ਇਸ ਤੋਂ ਘੱਟ ਹੈ, ਉੱਥੇ ਇਹ ਹੁਕਮ ਲਾਗੂ ਨਹੀਂ ਹੋਣਗੇ।

ਆਗੂਆਂ ਨੇ ਦੱਸਿਆ ਕਿ ਪੰਜਾਬ ਦੇ 90 ਪ੍ਰਤੀਸ਼ਤ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਸਟਾਫ ਮੈਂਬਰਾਂ ਦੀ ਗਿਣਤੀ 10 ਤੋਂ ਘੱਟ ਹੈ। ਵਿਭਾਗ ਦੇ ਹੁਕਮਾਂ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਾ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਕੋਰੋਨਾ ਸੰਕ੍ਰਮਿਤ ਸਰਕਾਰੀ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਲਾਭ, ਕੁਆਰਨਟਾਈਨ ਛੁੱਟੀਆਂ ਦੇਣ ਤੋਂ ਇਨਕਾਰੀ ਹੋਇਆ ਬੈਠਾ ਹੈ। 

ਮਹਾਂਮਾਰੀ ਦੌਰਾਨ ਅਧਿਆਪਕਾਂ 'ਤੇ ਦਬਾਅ ਪਾ ਕੇ ਦਾਖਲਾ ਮੁਹਿੰਮ ਚਲਵਾਈ ਜਾ ਰਹੀ ਹੈ ਅਤੇ ਅਧਿਆਪਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਦੋਂ ਕਿ 95% ਤੋਂ ਉੱਪਰ ਦਾਖਲੇ ਹੋ ਚੁੱਕੇ ਹਨ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਫੌਰੀ ਹੁਕਮ ਕਰਕੇ ਕਰੋਨਾ ਨਾਲ ਮਰਨ ਵਾਲੇ ਅਧਿਆਪਕਾਂ ਅਤੇ ਪੀੜਤ ਅਧਿਆਪਕਾਂ ਦੇ ਅੰਕੜੇ ਇਕੱਠੇ ਕਰੇ ਅਤੇ ਉਨ੍ਹਾਂ ਦੀ ਸਿਹਤ ਦੀ ਜਿੰਮੇਵਾਰੀ ਚੁੱਕੇ। ਅਧਿਆਪਕਾਂ ਤੋਂ ਕਰੋਨਾ ਡਿਊਟੀ ਕਰਵਾਉਣੀ ਬੰਦ ਕੀਤੀ ਜਾਵੇ, ਮੈਡੀਕਲ ਸਟਾਫ ਭਰਤੀ ਕੀਤਾ ਜਾਵੇ। 

ਜਿਹੜੇ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ, ਉਹਨਾਂ ਦਾ ਬੀਮਾ ਕੀਤਾ ਜਾਵੇ। ਜਿਹੜੇ ਕਰਮਚਾਰੀ ਵੈਕਸੀਨੇਸ਼ਨ ਲਵਾ ਕੇ ਸਿਹਤ ਦਾ ਗੰਭੀਰ ਹਰਜਾ ਝੱਲ ਰਹੇ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਛਿੱਲ ਪਟਾ ਰਹੇ ਹਨ, ਉਹਨਾਂ ਨੂੰ 100 ਪ੍ਰਤੀਸ਼ਤ ਰੀਇੰਮਬਰਸਮੈਂਟ ਮਿਲੇ। ਕਰੋਨਾ ਤੋਂ ਪੀੜਤ ਸਾਰੇ ਕਿਰਤੀ ਲੋਕਾਂ ਦਾ ਇਲਾਜ ਮੁਫਤ ਹੋਵੇ। ਆਰਜੀ ਸਰਕਾਰੀ ਮੁਹੱਲਾ ਕਲੀਨਿਕ ਸਥਾਪਿਤ ਕਰਕੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਸਕੂਲਾਂ ਦੀਆਂ ਸਮਾਰਟ ਬਿਲਡਿੰਗਾਂ ਵਰਤ ਕੇ ਆਰਜੀ ਸਿਹਤ ਕੇਂਦਰ (ਬੂਥ) ਬਣਾ ਕੇ ਲੋਕਾਂ ਦਾ ਇਲਾਜ ਕੀਤਾ ਜਾਵੇ।