ਕਿਸਾਨ ਮੋਰਚਾ: ਕੀ ਕੇਂਦਰ ਦੀ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜ਼ਿਸ਼! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਅੰਦੋਲਨ ਦਿੱਲੀ ਦੇ ਬਾਰਡਰਾਂ 'ਤੇ ਲੰਘੇ ਕਰੀਬ ਸਵਾ 5 ਮਹੀਨਿਆਂ ਤੋਂ ਜਾਰੀ ਹੈ। ਪਰ ਇਸੇ ਦੌਰਾਨ ਸਰਕਾਰ ਨੇ ਇੱਕ ਮੰਗ ਵੀ ਕਿਸਾਨਾਂ ਦੀ ਹੁਣ ਤੱਕ ਨਹੀਂ ਮੰਨੀ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਮੁੱਢ ਤੋਂ ਰੱਦ ਕਰੇ ਅਤੇ ਕਿਸਾਨਾਂ ਦੀਆਂ ਸਮੂਹ ਫ਼ਸਲਾਂ 'ਤੇ ਐਮਐਸਪੀ ਕਾਨੂੰਨ ਬਣਾਇਆ ਜਾਵੇ। ਸਰਕਾਰ ਦੁਆਰਾ ਹੁਣ ਤੱਕ ਕਿਸਾਨੀ ਮੰਗਾਂ ਨੂੰ ਵਿਸਾਰਿਆ ਜਾਂਦਾ ਰਿਹਾ ਹੈ ਅਤੇ ਮੀਟਿੰਗਾਂ ਕਰਕੇ ਸਿਰਫ਼ ਕਿਸਾਨ ਨੂੰ ਗ਼ੁਮਰਾਹ ਹੀ ਕੀਤਾ ਹੈ। 

ਹੁਣ, ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਵਿਚਲੀ ਭਾਜਪਾ ਸਰਕਾਰ 'ਤੇ ਗੰਭੀਰ ਦੋਸ਼ ਮੜੇ ਹਨ ਅਤੇ ਕਿਹਾ ਹੈ ਕਿ ਦਿੱਲੀ ਪੁਲਿਸ ਦੁਆਰਾ ਜਾਣ-ਬੁੱਝ ਕੇ ਆਕਸੀਜਨ ਵਾਲੇ ਟੈਂਕਰ ਕਿਸਾਨ ਅੰਦੋਲਨ ਵਾਲੀ ਥਾਂ ਕੋਲੋਂ ਹੌਲੀ ਰਫਤਾਰ ਨਾਲ ਲੰਘਾਏ ਜਾ ਰਹੇ ਹਨ, ਤਾਂ ਜੋ ਇਹ ਦੋਸ਼ ਲਗਾਇਆ ਜਾ ਸਕੇ ਕਿ, ਕਿਸਾਨ ਆਕਸੀਜਨ ਨਾਲ ਭਰੇ ਟੈਂਕਰ ਰੋਕ ਰਹੇ ਹਨ। ਕਿਸਾਨਾਂ ਨੇ ਇਸ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰਿਆ ਹੈ।

ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਇੱਕ ਅਖ਼ਬਾਰ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਗਾਇਆ ਹੈ ਕਿ 2 ਮਈ ਨੂੰ ਇੱਕ ਆਕਸੀਜਨ ਟੈਂਕਰ ਪੁਲਿਸ ਦੀਆਂ ਤਿੰਨ ਜਿਪਸੀਆਂ ਦੇ ਪਹਿਰੇ ਹੇਠ ਅੰਦੋਲਨ ਵਾਲੀ ਜਗ੍ਹਾਂ ਤੋਂ ਲੰਘਾਇਆ ਗਿਆ। ਪਰ ਇਸ ਦੀ ਰਫ਼ਤਾਰ ਬਹੁਤ ਹੌਲੀ ਰੱਖੀ ਗਈ, ਜਿਸ ਵਿੱਚੋਂ ਸਾਜ਼ਿਸ਼ ਦਾ ਖਦਸ਼ਾ ਦਿਖਾਈ ਦੇ ਰਿਹਾ ਹੈ। ਬਾਰਡਰ ਰਾਹੀਂ ਟੈਂਕਰ ਨੂੰ ਹੋਰ ਬਦਲਵੇਂ ਰਾਹ ਪਾਰ ਕਰਕੇ ਕਿਸਾਨੀ ਅੰਦੋਲਨ ਵਿੱਚ ਲਿਆਂਦਾ ਗਿਆ। 

ਕਿਸਾਨਾਂ ਵੱਲੋਂ ਰਾਹ ਸਾਫ਼ ਕਰਨ ਦੇ ਬਾਵਜੂਦ ਟੈਂਕਰ ਬਹੁਤ ਹੌਲੀ ਲਿਜਾਇਆ ਗਿਆ, ਤਾਂ ਜੋ ਇਹ ਜਤਾਇਆ ਜਾ ਸਕੇ ਕਿ ਆਕਸੀਜਨ ਟੈਂਕਰ ਪੁੱਜਣ ਵਿੱਚ ਕਿਸਾਨਾਂ ਕਾਰਨ ਦੇਰੀ ਹੋਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਹੋਰਨਾਂ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਕਿਸੇ ਵੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਰਕਾਰ ਦੁਆਰਾ ਜੋ ਵੀ ਹੱਥਕੰਡੇ ਅਪਣਾਏ ਜਾ ਰਹੇ ਹਨ, ਉਨ੍ਹਾਂ ਨੂੰ ਫ਼ੇਲ੍ਹ ਕਰਕੇ ਖੇਤੀ ਕਾਨੂੰਨਾਂ ਦਾ ਭੋਗ ਪੁਆਇਆ ਜਾਵੇਗਾ।