ਕੀ ਦੇਸ਼-ਧਰੋਹ ਦਾ ਪਰਚਾ ਕੰਗਨਾ ਖ਼ਿਲਾਫ਼ ਨਹੀਂ ਹੋਣਾ ਚਾਹੀਦਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਜੇਕਰ ਕੋਈ ਵੀ ਦੇਸ਼ ਦੇ ਅੰਦਰ ਲੋਕ ਹਿੱਤ ਗੱਲ ਕਰਕੇ, ਅਵਾਮ ਨੂੰ ਜਗਾਉਂਦਾ ਹੈ ਅਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਪ੍ਰਦਰਸ਼ਨ ਕਰਦਾ ਹੈ ਤਾਂ, ਉਹਦੇ ਖ਼ਿਲਾਫ਼ ਸਰਕਾਰ ਦੀ ਸ਼ਹਿ 'ਤੇ ਪੁਲਿਸ ਦੇ ਵੱਲੋਂ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਜਾਗਰੂਕ ਕਰਨ ਵਾਲੇ ਵਿਅਕਤੀ ਜਾਂ ਫਿਰ ਔਰਤ ਨੇ ਆਪਣੇ ਬਿਆਨ ਦੇ ਅੰਦਰ ਕੁੱਝ ਵੀ ਦੇਸ਼ ਦੇ ਖ਼ਿਲਾਫ ਨਹੀਂ ਬੋਲਿਆ ਹੁੰਦਾ। 

ਫਿਰ ਵੀ ਉਹਨੂੰ ਦੇਸ਼ ਧਰੋਹ ਦੇ ਕੇਸ ਵਿੱਚ ਟੰਗ ਦਿੱਤਾ ਜਾਂਦਾ ਹੈ। ਭਾਰਤ ਦੇ ਅੰਦਰ ਸਿਸਟਮ ਦੇ ਖ਼ਿਲਾਫ਼ ਬੋਲਣਾ ਵੀ ਗੁਨਾਹ ਹੋ ਗਿਆ ਹੈ, ਪਰ ਉੱਥੇ ਹੀ ਦੂਜੇ ਪਾਸੇ ਜਿਹੜੇ ਲੋਕ ਸੱਤਾਧਿਰ ਦੇ ਨਾਲ ਸਿੱਧੇ ਜਾਂ ਫਿਰ ਅਸਿੱਧੇ ਤੌਰ 'ਤੇ ਜੁੜੇ ਹੋਏ ਹਨ, ਉਹ ਜਿਵੇਂ ਮਰਜ਼ੀ ਬੋਲੀ ਜਾਣ, ਲਿਖੀ ਜਾਣ, ਉਨ੍ਹਾਂ ਨੂੰ ਕੋਈ ਕੁੱਝ ਨਹੀਂ ਕਹਿੰਦਾ। ਵਾਰਨਿੰਗ ਦੇ ਕੇ ਛੱਡ ਦਿੱਤਾ ਜਾਂਦਾ ਹੈ, ਪਰ ਅਵਾਮ ਦੇ ਖ਼ਿਲਾਫ਼ ਹੀ ਕਿਉਂ ਕਾਰਵਾਈ ਕੀਤੀ ਜਾਂਦੀ ਹੈ। 

ਦਰਅਸਲ, ਅੱਜ ਇਹ ਖ਼ਬਰ ਸਾਹਮਣੇ ਆਈ ਕਿ, ਭਾਜਪਾ ਪੱਖੀ ਬਿਆਨਬਾਜ਼ੀ ਕਰਨ ਵਿੱਚ ਮਾਹਿਰ, ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ 'ਟਵਿੱਟਰ' ਦੁਆਰਾ ਸਸਪੈਂਡ ਕਰ ਦਿੱਤਾ ਗਿਆ। ਟਵਿਟਰ 'ਤੇ ਬਹੁਤ ਐਕਟਿਵ ਰਹਿਣ ਵਾਲੀ ਕੰਗਨਾ ਦੇ ਅਕਾਉਂਟ ਦੀ ਭਾਲ ਕਰਦਿਆਂ ਇਹ ਦੇਖਿਆ ਗਿਆ ਕਿ ਉਸ ਦਾ ਅਕਾਉਂਟ 'ਕੰਗਨਾਟੀਮ' ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 

ਅਕਾਉਂਟ ਨੂੰ ਡਿਲੀਟ ਕਰਨ ਤੋਂ ਬਾਅਦ, ਹੈਸਟੈਗ #ਕੰਗਣਾਰਣੌਤ ਟਵਿੱਟਰ 'ਤੇ ਟ੍ਰੈਂਡ ਹੋ ਰਿਹਾ ਹੈ। ਖ਼ਬਰਾਂ ਦੀ ਮੰਨੀਏ ਤਾਂ, ਬੰਗਾਲ ਚੋਣ ਨਤੀਜਿਆਂ ਵਿੱਚ ਭਾਜਪਾ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਕੰਗਨਾ ਦੁਆਰਾ ਬੰਗਾਲੀਆਂ ਖ਼ਿਲਾਫ਼ ਕਈ ਟਿੱਪਣੀਆਂ ਕੀਤੀਆਂ ਗਈਆਂ ਸਨ ਅਤੇ ਆਪਣੇ ਟਵੀਟ ਜ਼ਰੀਏ ਨਫ਼ਰਤ ਫ਼ੈਲਾਉਣ ਦਾ ਕਾਰਜ ਕੀਤਾ ਗਿਆ ਸੀ। 

ਜਿਸ ਤੋਂ ਬਾਅਦ ਟਵਿੱਟਰ ਨੇ ਸਖ਼ਤ ਕਦਮ ਚੁੱਕਦਿਆਂ ਹੋਇਆ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਹੈ, ਜਦੋਂਕਿ ਸਰਕਾਰ ਜਾਂ ਫਿਰ ਪੁਲਿਸ ਵੱਲੋਂ ਕੰਗਣਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਿਸ ਦੁਆਰਾ ਉਹਦੇ 'ਤੇ ਦੇਸ਼ ਤੋੜਨ ਅਤੇ ਨਫ਼ਰਤ ਫ਼ੈਲਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਆਖ਼ਰ ਕਿਉਂ ਮੁਲਕ ਦਾ ਸਿਸਟਮ ਸਿਰਫ਼ ਅਵਾਮ-ਪੱਖੀ ਲੋਕਾਂ ਦੇ ਹੀ ਖ਼ਿਲਾਫ਼ ਹੈ?