ਲੋਕ ਜਾਗੇ: ਤਾਲਾਬੰਦੀ ਖ਼ਿਲਾਫ਼ ਅਵਾਮ ਦਾ ਅੰਦੋਲਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਇਸ ਵੇਲੇ ਲੋਕ ਤਾਲਾਬੰਦੀ ਦੇ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਤਾਲਾਬੰਦੀ ਭਾਰਤ ਸਮੇਤ ਦੇਸ਼ ਦੇ ਕਿਸੇ ਵੀ ਸੂਬੇ ਦੇ ਅੰਦਰ ਨਾ ਲਗਾਈ ਜਾਵੇ, ਕਿਉਂਕਿ ਤਾਲਾਬੰਦੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ। ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਮਿੰਨੀ ਲਾਕਡਾਊਨ ਲਗਾ ਕੇ ਆਪਣੇ ਗਲ ਆਪ ਸਿਆਪਾ ਪੁਆ ਲਿਆ ਹੈ। ਦਰਅਸਲ, ਮਿੰਨੀ ਲਾਕਡਾਊਨ ਦੇ ਵਿਰੁੱਧ ਹੀ ਇਸ ਵੇਲੇ ਪੰਜਾਬ ਦੇ ਅੰਦਰ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ ਹਨ।

ਤਾਲਾਬੰਦੀ ਖ਼ਿਲਾਫ਼ ਬਰਨਾਲਾ ਤੋਂ ਉੱਠੀ ਆਵਾਜ਼ ਨੇ ਸਮੂਹ ਪੰਜਾਬ ਦੇ ਲੋਕਾਂ ਨੂੰ ਮਿੰਨੀ ਤਾਲਾਬੰਦੀ ਦੇ ਖ਼ਿਲਾਫ਼ ਬੋਲਣ ਨੂੰ ਮਜ਼ਬੂਰ ਕਰ ਦਿੱਤਾ ਹੈ। ਮਿੰਨੀ ਤਾਲਾਬੰਦੀ ਨੇ ਜਿੱਥੇ ਦੁਕਾਨਦਾਰਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਇਸ ਲੰਗੜੀ ਤਾਲਾਬੰਦੀ ਨੇ ਆਮ ਜਨਤਾ 'ਤੇ ਵੀ ਗਹਿਰਾ ਅਸਰ ਪਾਇਆ ਹੈ। ਲਗਾਤਾਰ ਪੰਜਾਬ ਦੇ ਅੰਦਰ ਹੁਣ ਲੋਕਾਂ ਦਾ ਰੋਹ ਫੁੱਟਦਾ ਜਾ ਰਿਹਾ ਹੈ ਅਤੇ ਭਲਕੇ 5 ਮਈ ਨੂੰ ਪੂਰੇ ਪੰਜਾਬ ਦੇ ਦੁਕਾਨਦਾਰਾਂ ਨੇ ਦੁਕਾਨਾਂ 9 ਵਜੇ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੋਇਆ ਹੈ। 

ਖ਼ਬਰਾਂ ਦੀ ਮੰਨੀਏ ਤਾਂ, ਛੋਟੇ ਦੁਕਾਨਦਾਰ ਅਤੇ ਛੋਟੇ ਵਪਾਰੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ, ਉਨ੍ਹਾਂ ਦੇ ਵੀ ਘਰੇ ਬੱਚੇ ਹਨ, ਉਨ੍ਹਾਂ ਨੇ ਵੀ ਆਪਣੇ ਘਰ ਦੇ ਖਰਚੇ ਚਲਾਉਣੇ ਹਨ ਅਤੇ ਆਪਣੇ ਬੱਚਿਆਂ ਦੀ ਫ਼ੀਸ ਭਰਨੀ ਹੈ। ਉਨ੍ਹਾਂ ਕਿਹਾ ਸਰਕਾਰ ਸਾਡੀਆਂ ਦੁਕਾਨਾਂ ਨੂੰ ਗੈਰ ਜਰੂਰੀ ਦੱਸਦੀ ਹੈ, ਪਰ ਵੋਟਾਂ ਵੇਲੇ ਉਨ੍ਹਾਂ ਨੂੰ ਸਾਡੀਆਂ ਵੋਟਾਂ ਜਰੂਰੀ ਦਿਸਣ ਲੱਗ ਪੈਂਦੀਆਂ ਹਨ। 

ਸਰਕਾਰ ਵੱਲੋਂ ਵੱਡੇ-ਵੱਡੇ ਮਾਲ, ਸੁਪਰ ਸਟੋਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉੱਥੇ ਸਿਰਫ ਕਰਿਆਨੇ ਦਾ ਸਾਮਾਨ ਹੀ ਨਹੀਂ ਵਿਕਦਾ, ਸਗੋਂ ਮਨਿਆਰੀ ਤੋਂ ਲੈ ਕੇ ਕੱਪੜੇ ਤੱਕ ਸਾਰਾ ਸਾਮਾਨ ਵਿਕਦਾ ਹੈ, ਫਿਰ ਸਾਡੀ ਦੁਕਾਨਦਾਰੀ 'ਤੇ ਕਿਉਂ ਲੱਤ ਮਾਰੀ ਗਈ ਹੈ? ਉਨ੍ਹਾਂ ਕਿਹਾ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ, ਅਸੀਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਦਿਆਂਗੇ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।