ਬੇਰੁਜ਼ਗਾਰਾਂ ਦਾ ਅੰਦੋਲਨ ਕਿਤੇ ਸਰਕਾਰ ਨਾ ਡੇਗ ਦੇਵੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਲੰਘੇ ਕਰੀਬ ਚਾਰ ਮਹੀਨਿਆਂ ਤੋਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦਾ ਪੰਜਾਬ ਦੀ ਕੈਪਟਨ ਹਕੂਮਤ ਦੇ ਖ਼ਿਲਾਫ਼ ਅੰਦੋਲਨ ਜਾਰੀ ਹੈ। ਇਹ ਅੰਦੋਲਨ 4 ਜਨਵਰੀ ਤੋਂ ਪੱਕਾ ਚੱਲ ਰਿਹਾ ਹੈ। ਦੂਜੇ ਪਾਸੇ ਬੀ.ਐੱਸ.ਐੱਨ.ਐੱਲ ਟਾਵਰ ਦੇ ਉੱਪਰ ਦੋ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਭੁੱਖੇ ਪਿਆਸੇ ਸਰੀਰਕ ਹਾਲਤ ਲਗਾਤਾਰ ਵਿਗੜਨ ਦੇ ਬਾਵਜੂਦ ਵੀ 44 ਦਿਨਾਂ ਡਟੇ ਹੋਏ ਹਨ। 

ਪੰਜਾਬ ਸਰਕਾਰ ਮੰਗਾਂ ਮੰਨਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੀ ਪਈ ਹੋਈ ਹੈ। ਨੂਰਪੁਰ ਬੇਦੀ ਦੇ ਪਿੰਡ ਚਹਿੜ ਮਜਾਰਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂਆਂ ਦੀ ਅਗਵਾਈ ਵਿੱਚ ਹੋਈ ਕਿਸਾਨ ਮਜ਼ਦੂਰ ਕਾਨਫਰੰਸ ਦੀ ਵੱਡੀ ਸਫ਼ਲਤਾ ਤੋਂ ਬੁਖਲਾਹਟ ਵਿੱਚ ਆ ਕੇ ਪੰਜਾਬ ਸਰਕਾਰ ਵਲੋਂ ਕਿਰਤੀ ਕਿਸਾਨ ਮੋਰਚਾ ਰੋਪੜ ਦੇ ਕਿਸਾਨ-ਮਜਦੂਰ ਆਗੂਆਂ ਉਤੇ 'ਕਰੋਨਾ' ਬਹਾਨੇ ਪੁਲਿਸ ਕੇਸ ਦਰਜ ਕਰ ਦਿੱਤਾ ਹੈ। 

ਇਸ ਸਾਰੇ ਘਟਨਾਕ੍ਰਮ ਦੀ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਨੇ ਸਖ਼ਤ ਨਿਖੇਧੀ ਕੀਤੀ ਹੈ। ਇਸ ਮੌਕੇ 'ਨਿਊਜ਼ਨੰਬਰ' ਨਾਲ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਆਗੂ ਕੁਲਦੀਪ ਖੋਖਰ, ਸੁਰਿੰਦਰ ਜਲਾਲਾਬਾਦ, ਮਨੀ ਸੰਗਰੂਰ, ਗੁਰਦੀਪ ਮਾਨਸਾ, ਜੱਗਾ ਬੋਹਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ ਤੇ ਬਿਮਲਾ ਦੇਵੀ ,ਜੀਵਨ ਸੰਗਰੂਰ, ਰਣਜੀਤ ਸੰਗਰੂਰ ਤੇ ਬੇਅੰਤ ਮਾਨਸਾ ਨੇ ਗੱਲਬਾਤ ਕੀਤੀ। 

ਉਨ੍ਹਾਂ ਦੱਸਿਆ ਕਿ ਭਾਵੇਂ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਮੀਟਿੰਗਾਂ ਵਿਚ ਜਲਦ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਹਾਲੇ ਤਕ ਏਨਾ ਸਮਾਂ ਬੀਤਣ ਦੇ ਬਾਵਜੂਦ ਵੀ ਕਿਸੇ ਮੰਗ ਪ੍ਰਤੀ ਕੋਈ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਸਰਕਾਰ ਵਲੋਂ ਦਿੱਤਾ ਭਰੋਸਾ ਮਿੱਠੀ ਗੋਲੀ ਸਾਬਿਤ ਹੁੰਦੀ ਜਾ ਰਹੀ ਹੈ।

ਬੇਰੁਜ਼ਗਾਰ ਅਧਿਆਪਕਾਂ ਦੀਆਂ ਜੇਕਰ ਜਲਦ ਮੰਗਾਂ ਹੱਲ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੌਰਾਨ ਜੋ ਵੀ ਨੁਕਸਾਨ ਹੋਵੇਗਾ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ।