ਬੰਦਿਆਂ ਨੂੰ ਲਾਉਣ ਲਈ ਨਾ ਲੱਭੇ, ਪਰ ਸੜਕਾਂ 'ਤੇ ਰੁਲਦੀ ਫਿਰੇ ਵੈਕਸੀਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਕਈ ਸੂਬਿਆਂ ਦੇ ਵਿੱਚ ਲੰਘੇ ਕੱਲ੍ਹ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋਣਾ ਸੀ। ਪਰ ਇਹ ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਇਸ ਕਰਕੇ ਸ਼ੁਰੂ ਨਹੀਂ ਹੋ ਸਕਿਆ, ਕਿਉਂਕਿ ਕੋਰੋਨਾ ਵੈਕਸੀਨ ਦੀ ਭਾਰੀ ਮਾਤਰਾ ਵਿੱਚ ਕਮੀ ਆ ਗਈ। ਬੇਸ਼ੱਕ ਭਾਰਤ ਨੇ ਵੱਡੀ ਮਾਤਰਾ ਵਿੱਚ ਕੋਰੋਨਾ ਵੈਕਸੀਨ ਵਿਦੇਸ਼ਾਂ ਨੂੰ ਘੱਲ ਦਿੱਤੀ ਅਤੇ ਚੋਖਾ ਪੈਸਾ ਕਮਾ ਲਿਆ, ਪਰ ਸਰਕਾਰ ਨੇ ਆਪਣੇ ਮੁਲਕ ਦੀ ਅਵਾਮ ਬਾਰੇ ਕੁੱਝ ਨਹੀਂ ਸੋਚਿਆ। 

ਇਸ ਵੇਲੇ ਮੁਲਕ ਦੇ ਅੰਦਰ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਇੰਨੇ ਜ਼ਿਆਦਾ ਖ਼ਰਾਬ ਹੋ ਚੁੱਕੇ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਪਰ ਸਰਕਾਰ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਪਿਛਲੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਕਿ, ਹਰਿਆਣਾ-ਪੰਜਾਬ ਨੇ ਕੋਰੋਨਾ ਵੈਕਸੀਨ ਵੱਡੀ ਮਾਤਰਾ ਵਿੱਚ ਖ਼ਰਾਬ ਕੀਤੀ ਹੈ। ਇਹਦੀ ਜਾਣਕਾਰੀ ਖ਼ੁਦ ਕੇਂਦਰੀ ਸਿਹਤ ਮੰਤਰਾਲੇ ਨੇ ਆਪਣੀ ਵੈੱਬਸਾਈਟ ਦੇ ਉੱਪਰ ਦਿੱਤੀ। 

ਇਸ ਤੋਂ ਇਲਾਵਾ ਮੰਤਰਾਲੇ ਵੱਲੋਂ ਦੇਸ਼ ਦੇ ਹੋਰਨਾਂ ਸੂਬਿਆਂ ਦਾ ਵੀ ਵੈੱਬਸਾਈਟ 'ਤੇ ਵੈਕਸੀਨ ਖ਼ਰਾਬ ਬਾਰੇ ਜ਼ਿਕਰ ਕੀਤਾ ਗਿਆ। ਲੰਘੇ ਕੱਲ੍ਹ ਹੀ ਤੜਕ ਸਵੇਰੇ ਇਹ ਖ਼ਬਰ ਵੀ ਸੁਣਨ ਨੂੰ ਮਿਲੀ ਕਿ, ਕਸਬਾ ਨਰਸਿੰਘਪੁਰ ਦੇ ਕਰੇਲੀ ਬੱਸ ਸਟੈਂਡ ਨੇੜੇ ਐਕਸਿਸ ਬੈਂਕ ਦੇ ਸਾਹਮਣੇ ਸੜਕ ਦੇ ਕੰਡੇ ਇੱਕ ਕੋਲਡ ਚੇਨ ਕੰਨਟੇਨਰ ਟਰੱਕ ਲਾਵਾਰਿਸ ਹਾਲਤ ਵਿੱਚ ਖੜ੍ਹਾ ਹੋਇਆ ਬਰਾਮਦ ਕੀਤਾ ਗਿਆ। ਕਰੇਲੀ ਪੁਲਿਸ ਨੇ ਜਦੋਂ ਉਕਤ ਟਰੱਕ ਦੀ ਜਾਂਚ ਕੀਤੀ ਤਾਂ ਗੱਡੀ ਦੇ ਕਾਗਜ ਵੇਖ ਪੁਲਿਸ ਦੇ ਹੋਸ਼ ਉੱਡ ਗਏ। 

ਖ਼ਬਰਾਂ ਕਹਿੰਦੀਆਂ ਹਨ ਕਿ, ਕਾਗਜਾਂ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਟਰੱਕ ਵਿੱਚ ਕੋਰੋਨਾ ਟੀਕੇ ਦੀਆਂ 2 ਲੱਖ 40 ਹਜ਼ਾਰ ਖੁਰਾਕਾਂ ਸਨ। ਵੈਸੇ ਵੇਖਿਆ ਜਾਵੇ ਤਾਂ, ਇੱਕ ਪਾਸੇ ਜਿੱਥੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਾਲ ਲੜਨ ਵਾਲੀ ਕੋਰੋਨਾ ਵੈਕਸੀਨ ਦੀ ਭਾਰੀ ਮਾਤਰਾ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮੁਲਕ ਦੇ ਕਈ ਅਜਿਹੇ ਸੂਬੇ ਵੀ ਹਨ, ਜਿੱਥੇ ਕੋਰੋਨਾ ਵੈਕਸੀਨ ਦੇ ਲਵਾਰਿਸ ਹਾਲਤ ਵਿੱਚ ਟਰੱਕ ਮਿਲ ਰਹੇ ਹਨ।