ਕਿਸਾਨ ਮੋਰਚਾ: 75 ਵਰ੍ਹਿਆਂ ਬਾਅਦ ਅਸਲੀ ਆਜ਼ਾਦੀ ਨੂੰ ਕਿਸਾਨਾਂ ਨੇ ਲੀਹ 'ਤੇ ਲਿਆਂਦਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ 5 ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਆਜ਼ਾਦੀ ਦੇ ਲੰਘੇ 75 ਸਾਲਾਂ ਵਿੱਚ ਏਨਾ ਵੱਡਾ ਅੰਦੋਲਨ ਕਦੇ ਵੀ ਪਹਿਲੋਂ ਨਹੀਂ ਚੱਲਿਆ, ਪਰ ਇਸ ਵਾਰ ਚੱਲੇ ਅੰਦੋਲਨ ਨੇ ਜਿੱਥੇ ਲੋਕਾਂ ਨੂੰ ਅਸਲੀ ਆਜ਼ਾਦੀ ਵੱਲ ਖਿੱਚ ਲਿਆਂਦਾ ਹੈ, ਉੱਥੇ ਹੀ ਹੁਕਮਰਾਨਾਂ ਨੂੰ ਵੀ ਦੱਸ ਦਿੱਤਾ ਹੈ ਕਿ, ਭਾਰਤੀ ਅਵਾਮ ਕੀ ਚਾਹੁੰਦੀ ਹੈ? ਆਜ਼ਾਦ ਮੁਲਕ ਵਿੱਚ ਪਹਿਲੀ ਵਾਰ ਲਗਾਤਾਰ 5 ਮਹੀਨੇ ਤੋਂ ਚੱਲੇ ਆ ਰਹੇ ਅੰਦੋਲਨ ਨੇ ਵਿਸ਼ਵ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। 

ਕਿਸਾਨਾਂ ਦੁਆਰਾ ਲਗਾਤਾਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਲੱਖਾਂ ਕਿਸਾਨ 5 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਹਨ ਅਤੇ ਇਸੇ ਦੌਰਾਨ ਕਰੀਬ 300 ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ, ਪਰ ਸਰਕਾਰ ਦੇ ਮੰਤਰੀ ਲਗਾਤਾਰ ਕਿਸਾਨਾਂ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਕਹਿ ਕੇ ਪੁਕਾਰ ਰਹੇ ਹਨ, ਜਿਸ ਦੇ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਹੈ। 

ਕਿਸਾਨ ਆਗੂਆਂ ਨੇ ਦੋਸ਼ ਮੜਿਆ ਕਿ, ਪ੍ਰਧਾਨ ਮੰਤਰੀ ਦੀ ਨੀਅਤ ਸਾਫ ਨਹੀਂ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ। ਕਿਸਾਨਾਂ ਦੇ ਖੇਤਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਦੇਸ਼ ਨੂੰ ਵੱਡੇ ਘਰਾਣਿਆਂ ਕੋਲ ਗਿਰਵੀ ਰੱਖਣ ਦੀ ਸਾਜਸ਼ਿ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂ. ਪੀ. ਵਿੱਚ ਯੋਗੀ ਸਰਕਾਰ ਨੇ ਅਜੇ ਤੱਕ ਗੰਨਾ ਉਤਪਾਦਕਾਂ ਨੂੰ ਫਸਲ ਦਾ ਰੇਟ ਨਹੀਂ ਦਿੱਤਾ। 

ਮੋਦੀ ਸਰਕਾਰ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਪ੍ਰਵਾਨਗੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤੁਰੰਤ ਤਿੰਨੇ ਕਾਲੇ ਕਾਨੂੰਨ ਵਾਪਸ ਲਵੇ। ਉਨ੍ਹਾਂ ਦੋਸ਼ ਲਗਾਇਆ ਕਿ ਦੇਸ਼ ਦੇ ਬੈਂਕਾਂ ਵਿੱਚੋਂ 11 ਲੱਖ ਕਰੋੜ ਰੁਪਏ ਕੱਢਵਾ ਕੇ ਹੁਕਮਰਾਨ ਦੇ ਚਮਚੇ (ਨੀਰਵ ਮੋਦੀ ਆਦਿ) ਵਿਦੇਸ਼ਾਂ ਵਿੱਚ ਭੱਜ ਗਏ। ਪਰ ਉਹਨਾਂ ਨੂੰ ਕੋਈ ਫੜ੍ਹ ਨਹੀਂ ਸਕਿਆ। ਜੇਕਰ ਕੋਈ ਕਿਸਾਨ 50 ਹਜ਼ਾਰ ਰੁਪਏ ਕਰਜ਼ਾਈ ਹੋ ਜਾਵੇ ਤਾਂ, ਉਹਦੇ ਗਲ ਹੁਕਮਰਾਨ ਫ਼ਾਹਾ ਪਾ ਦਿੰਦੇ ਹਨ।