ਸਿਸਟਮ ਵਿੱਚ ਖ਼ਰਾਬੀ ਨੇ, ਮੁਲਕ ਉਜਾੜਿਆ!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿੰਨੇ ਵੀ ਲੀਡਰ ਕੋਰੋਨਾ ਬਿਮਾਰੀ ਦਾ ਸ਼ਿਕਾਰ ਹੋਏ ਹਨ, ਉਹ ਤਕਰੀਬਨ ਹੀ ਠੀਕ ਠਾਕ ਘਰ ਵਾਪਸ ਪਰਤ ਆਏ ਹਨ, ਕਿਉਂਕਿ ਉਨ੍ਹਾਂ ਨੂੰ ਸੁੱਖ ਸਹੂਲਤਾਂ ਹਕੂਮਤ ਦੁਆਰਾ ਸਹੀ ਸਮੇਂ 'ਤੇ, ਸਹੀ-ਸਹੀ ਦਿੱਤੀਆਂ ਗਈਆਂ ਹਨ। ਕੁੱਝ ਕੁ ਲੀਡਰਾਂ ਦੀਆਂ ਕੋਰੋਨਾ ਵਾਇਰਸ ਦੇ ਨਾਲ ਮੌਤਾਂ ਹੋਣ ਦੀਆਂ ਵੀ ਖ਼ਬਰਾਂ ਨਸ਼ਰ ਹੋ ਰਹੀਆਂ ਹਨ। 

ਜਾਣਕਾਰ ਦੱਸਦੇ ਹਨ ਕਿ, ਬਹੁਤੇ ਲੀਡਰ ਜਿਨ੍ਹਾਂ ਦੀਆਂ ਮੌਤਾਂ ਕੋਰੋਨਾ ਦੇ ਨਾਲ ਹੋਣ ਦੇ ਦਾਅਵੇ ਹੋ ਰਹੇ ਹਨ, ਉਹ ਪਹਿਲੋਂ ਹੀ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਪੀੜ੍ਹਤ ਹੁੰਦੇ ਹਨ। ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਮਗਰੋਂ ਪੱਕਾ ਹੈ ਕਿ ਮੌਤ ਹੋ ਜਾਵੇਗੀ, ਅਜਿਹਾ ਬਿਲਕੁਲ ਵੀ ਨਹੀਂ ਹੈ। ਖ਼ੈਰ, ਘਰ ਵਿੱਚ ਰਹੋ, ਸੜਕ ਪਾਰ ਨਾ ਕਰੋ ਅਤੇ ਮੂੰਹ 'ਤੇ ਮਾਸਕ ਲਗਾ ਕੇ ਰੱਖੋ, ਇਹ ਸਭ ਗੱਲਾਂ ਸਾਡੇ ਦੇਸ਼ ਦੇ ਪ੍ਰਧਾਨ ਸੇਵਕ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਹਿੰਦੇ ਆਏ ਹਨ।

ਕੋਰੋਨਾ ਵਾਇਰਸ ਦਾ ਮਜ਼ਾਕ ਨਾ ਬਣਾਓ, ਇਹ ਗੱਲ ਵੀ ਪ੍ਰਧਾਨ ਸੇਵਕ ਜੀ ਨੇ ਸ਼ਰੇਆਮ 'ਲਾਈਵ ਪ੍ਰੋਗਰਾਮ' ਦੇ ਦੌਰਾਨ ਆਖੀ ਸੀ। ਪਰ, ਕੀ ਕੋਰੋਨਾ ਵਾਇਰਸ ਦਾ ਜਨਤਾ ਨੇ ਮਜ਼ਾਕ ਬਣਾਇਆ? ਕੋਰੋਨਾ ਵਾਇਰਸ ਨੂੰ ਫੈਲਾਉਣ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਆਖਰ ਕਿਸ ਦਾ ਸੀ, ਸਵਾਲ ਤਾਂ ਇਹ ਇਸ ਵੇਲੇ ਕਰਨਾ ਲਾਜ਼ਮੀ ਬਣਿਆ ਪਿਆ ਹੈ।

ਇਸ ਵੇਲੇ ਮੁਲਕ ਦੇ ਅੰਦਰ ਬੇਸ਼ੱਕ ਆਕਸੀਜਨ ਦੇ ਸਿਲੰਡਰ ਦੀ ਭਾਰੀ ਮਾਤਰਾ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਸਾਡੇ ਮੁਲਕ ਦੇ ਹੁਕਮਰਾਨ ਸਿਰਫ਼ ਤੇ ਸਿਰਫ਼ ਬਿਆਨਬਾਜ਼ੀਆਂ ਤੱਕ ਹੀ 'ਡੰਗ' ਟਪਾਈ ਜਾ ਰਹੇ ਹਨ। ਵਿਰੋਧੀ ਧਿਰਾਂ ਨੂੰ ਮੌਕਾ ਮਿਲਿਆ ਹੋਇਆ ਹੈ, ਸੱਤਾਧਿਰ 'ਤੇ ਦੋਸ਼ ਮੜਨ ਦਾ। ਆਖ਼ਰ ਹਕੂਮਤ ਕਿਉਂ ਨਹੀਂ ਮੁਕੰਮਲ ਤੌਰ 'ਤੇ ਸਿਸਟਮ ਨੂੰ ਸੈੱਟ ਕਰ ਰਹੀ? ਕਿਉਂ ਨਹੀਂ ਕੋਰੋਨਾ ਨੂੰ ਫ਼ੈਲਣ ਤੋਂ ਹਕੂਮਤ ਰੋਕ ਰਹੀ? ਸਾਡਾ ਮੁਲਕ ਇਸ ਵੇਲੇ ਕਿਉਂ ਕੋਰੋਨਾ ਨੂੰ ਜੱਫਾ ਪਾ ਕੇ ਬੈਠਾ ਹੈ?