ਕੀ ਕਦੇ ਮਜ਼ਦੂਰਾਂ ਹਿੱਤ ਫ਼ੈਸਲੇ ਲੈਣਗੀਆਂ ਸਰਕਾਰਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਕੌਮਾਂਤਰੀ ਮਜ਼ਦੂਰ ਦਿਵਸ ਹੈ ਅਤੇ ਪੂਰੇ ਵਿਸ਼ਵ ਵਿੱਚ ਅੱਜ ਮਜ਼ਦੂਰਾਂ ਵੱਲੋਂ ਤਾਂ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ, ਪਰ ਸਮੇਂ ਦੀ ਹਕੂਮਤ ਮਜ਼ਦੂਰਾਂ ਦੀ ਵਿਸਾਰ ਰਹੀ ਹੈ। ਮਜ਼ਦੂਰਾਂ ਦੇ ਹਿੱਤ ਕਦੇ ਵੀ ਸਮੇਂ ਦੀਆਂ ਸਰਕਾਰਾਂ ਨੇ ਕੋਈ ਫ਼ੈਸਲਾ ਨਹੀਂ ਕੀਤਾ। ਜਿਸ ਦੇ ਕਾਰਨ ਮਜ਼ਦੂਰਾਂ ਵਿੱਚ ਹਮੇਸ਼ਾ ਹੀ ਗੁੱਸਾ ਵੇਖਣ ਨੂੰ ਮਿਲਦਾ ਰਿਹਾ ਹੈ। ਦੱਸਦੇ ਚੱਲੀਏ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਰਤੀਆਂ ਨੇ ਮਜ਼ਦੂਰ ਦਿਵਸ ਮਨਾਇਆ। 

ਪੇਂਡੂ ਮਜਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਬਾਘਾ ਪੁਰਾਣਾ ਵਿੱਚ ਮਈ ਦਿਵਸ ਦੇ ਸਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਤੋਂ ਬਾਅਦ ਸਹਿਰ ਵਿੱਚ ਮਾਰਚ ਕੀਤਾ ਗਿਆ। ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਆਖਿਆ ਕਿ 1886 ਅਮਰੀਕਾ ਦੇ ਸਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਵੱਲੋਂ ਅੱਠ ਘੰਟੇ ਦੇ ਕੰਮ ਨੂੰ ਲੈ ਕਿ ਸੰਘਰਸ਼ ਕੀਤਾ ਗਿਆ ਸੀ। ਜਿਸ 'ਤੇ ਸਟੇਟ ਨੇ ਤਸ਼ੱਦਦ ਕੀਤਾ ਅਤੇ ਜਿਸ ਖ਼ਿਲਾਫ਼ ਮਜ਼ਦੂਰਾਂ ਨੇ ਵੱਡੀ ਲਾਮਬੰਦੀ ਕਰਕੇ ਸੰਘਰਸ ਕੀਤਾ।

ਜਿਸ ਤੋਂ ਬਾਅਦ ਸਾਰੇ ਸੰਸਾਰ ਵਿੱਚ 8 ਘੰਟੇ ਕੰਮ ਲਾਗੂ ਕਰਵਾਇਆ ਗਿਆ। ਇਸ ਉਪਰੋਕਤ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ, ਕਿਰਤੀ ਕਿਸਾਨ ਯੂਨੀਅਨ ਦੇ ਜਸਮੇਲ ਸਿੰਘ ਗੋਰਾ, ਸਵਰਨਜੀਤ ਕੌਰ ਰੋਡੇ, ਬਲਕਾਰ ਸਿੰਘ ਸਮਾਲਸਰ, ਔਰਤ ਵਿੰਗ ਦੇ ਆਗੂ ਛਿੰਦਰਪਾਲ ਕੌਰ ਰੋਡੇ, ਜਗਵਿੰਦਰ ਕੌਰ ਰਾਜੇਆਣਾ, ਮੇਜਰ ਸਿੰਘ ਸਮਾਲਸਰ, ਸਹੀਦ ਭਗਤ ਸਿੰਘ ਕਲਾਂ ਮੰਚ ਤੀਰਥ ਚੜਿੱਕ ਵੱਲੋਂ ਨਾਟਕ ਖੇਡਿਆ ਗਿਆ।

ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਦੇ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ, ਮਜਦੂਰਾਂ ਦਾ ਸਾਰਾ ਕਰਜਾ ਮੁਆਫ ਕਰੋ, ਬਿਜਲੀ ਬਿੱਲ 2020 ਰੱਦ ਕਰੋ। ਪ੍ਰਾਈਵੇਟ ਹਸਪਤਾਲਾਂ ਦਾ ਸਰਕਾਰੀਕਰਨ ਕਰੋ। ਕਰੋਨਾ ਦੇ ਨਾਮ 'ਤੇ ਲੋਕਾਂ ਦੀ ਕੀਤੀ ਜਾ ਰਹੀ ਬਲੈਕਮੇਲਿੰਗ ਅਤੇ ਭ੍ਰਿਸਟਾਚਾਰ ਨੂੰ ਬੰਦ ਕਰੋ।

ਹਸਪਤਾਲਾਂ ਵਿੱਚ ਵੈਂਟੀਲੇਂਟਰਾਂ, ਆਕਸੀਜਨ ਦਾ ਪ੍ਰਬੰਧ ਕਰੋ। ਪਿੰਡਾਂ ਵਿੱਚ ਸਰਕਾਰੀ ਡਿਸਪੈਂਸਰੀਆਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚੱਲਣਾ ਲਾਜਮੀ ਕਰੋ। ਲਾਕਡਾਊਨ ਕਾਰਨ ਘਾਟੇ ਦਾ ਸ਼ਿਕਾਰ ਸ਼ਹਿਰੀ ਦੁਕਾਨਦਾਰਾਂ ਦੇ ਟੈਕਸ, ਬਿਜਲੀ, ਪਾਣੀ ਦੇ ਬਿੱਲ ਮੁਆਫ ਕਰੋ। ਲਾਕਡਾਊਨ ਕਾਰਨ ਉਜਾੜੇ ਗਏ ਗਰੀਬਾਂ ਲਈ ਇੱਕ ਸਾਲ ਦਾ ਮੁਫਤ ਰਾਸ਼ਨ ਦਾ ਪ੍ਰਬੰਧ ਕਰੋ।