ਕਿੱਥੇ ਐ ਘਰ-ਘਰ ਨੌਕਰੀ, ਐਥੇ ਹਾਲਤ ਖ਼ਰਾਬ? (ਨਿਊਜ਼ਨੰਬਰ ਖ਼ਾਸ ਖ਼ਬਰ)

ਘਰ ਘਰ ਨੌਕਰੀ, ਜੇਕਰ ਨੌਕਰੀ ਨਹੀਂ ਤਾਂ, ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਇਹ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਸੀ। ਚੋਣਾਂ ਵੇਲੇ ਤਾਂ ਵੱਡੇ ਵੱਡੇ ਵਾਅਦੇ ਕੀਤੇ, ਪਰ ਸੱਤਾ ਵਿੱਚ ਆਉਂਦਿਆਂ ਹੀ ਵਾਅਦਿਆਂ 'ਤੇ ਮਿੱਟੀ ਪਾ ਦਿੱਤੀ। ਲਗਾਤਾਰ ਪੰਜਾਬ ਦੇ ਅੰਦਰ ਬੇਰੁਜ਼ਗਾਰ ਅਧਿਆਪਕ ਆਪਣੀਆਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਹਨ। 

ਪਰ, ਇਸ ਦੇ ਬਾਵਜੂਦ ਵੀ ਸਰਕਾਰ ਉਨ੍ਹਾਂ ਦੀ ਗੱਲ ਸੁਨਣ ਨੂੰ ਤਿਆਰ ਨਹੀਂ। ਹਾਲਾਤ ਇਹ ਬਣ ਚੁੱਕੇ ਹਨ ਕਿ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀ ਸਰੀਰਕ ਹਾਲਤ ਖ਼ਰਾਬ ਹੋਈ ਜਾ ਰਹੀ ਹੈ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਜਾਣਕਾਰੀ ਦੇ ਮੁਤਾਬਿਕ, ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟਾਵਰ 'ਤੇ ਲਗਾਤਾਰ 42 ਦਿਨਾਂ ਤੋਂ ਭੁੱਖੇ ਪਿਆਸੇ ਦੋਵੇਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਡਟੇ ਹੋਏ ਹਨ। 

ਲੰਮੇ ਸਮੇਂ ਤੋਂ ਲਗਾਤਾਰ ਭੁੱਖੇ ਪਿਆਸੇ ਰਹਿਣ ਕਾਰਨ ਦੋਵੇਂ ਬੇਰੁਜ਼ਗਾਰ ਅਧਿਆਪਕਾਂ ਦੀ ਸਰੀਰਕ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਹਰਜੀਤ ਮਾਨਸਾ ਦੇ ਹੱਥਾਂ ਤੇ ਸੱਜੇ ਮੋਢੇ ਦੀ ਚਮੜੀ ਤੇ ਸੁਰਿੰਦਰਪਾਲ ਗੁਰਦਾਸਪੁਰ ਦੀ ਪੈਰਾਂ ਦੀ ਚਮੜੀ ਉਖੜਨ ਲੱਗੀ ਹੋਈ ਹੈ। ਦੋਵੇਂ ਬੇਰੁਜ਼ਗਾਰ ਅਧਿਆਪਕਾਂ ਦੀ ਚਮੜੀ ਦਾ ਉਖੜਨ ਲੱਗ ਪਈ ਹੈ। ਦੋਵਾਂ ਬੇਰੁਜ਼ਗਾਰਾਂ ਦੇ ਪੇਟ, ਹੱਥਾਂ ਅਤੇ ਪੈਰਾਂ ਵਿੱਚ ਹਰ ਸਮੇਂ ਦਰਦ ਰਹਿੰਦਾ ਹੈ।

ਇਸ ਮੌਕੇ ਟਾਵਰ 'ਤੇ ਬੇਠੈ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਭਾਵੇਂ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਮੀਟਿੰਗਾਂ ਵਿਚ ਜਲਦ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ।

ਪਰ ਹਾਲੇ ਤੱਕ ਏਨਾ ਸਮਾਂ ਬੀਤਣ ਦੇ ਬਾਵਜੂਦ ਵੀ ਕਿਸੇ ਮੰਗ ਪ੍ਰਤੀ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਸਰਕਾਰ ਵਲੋਂ ਦਿੱਤਾ ਭਰੋਸਾ ਮਿੱਠੀ ਗੋਲੀ ਸਾਬਿਤ ਹੁੰਦੀ ਜਾ ਰਹੀ ਹੈ। ਜਦੋਂ ਤੱਕ ਸਾਡੀਆਂ ਹੱਕੀ ਮੰਗਾਂ ਨੂੰ ਲਿਖਤੀ ਰੂਪ ਵਿੱਚ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਟਾਵਰ ਉਪਰ ਡਟੇ ਰਹਾਂਗੇ।