ਬੇਲੋੜੀ ਤਾਲਾਬੰਦੀ ਖ਼ਿਲਾਫ਼ ਅਵਾਮ: ਡਰੋ ਨਾ ਵਿਰੋਧ ਕਰੋ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਦੀ ਆੜ ਵਿੱਚ ਮੜੀ ਜਾ ਰਹੀ ਬੇਲੋੜੀ ਤਾਲਾਬੰਦੀ ਦੇ ਖ਼ਿਲਾਫ਼ ਇਸ ਵੇਲੇ ਅਵਾਮ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ। ਲਗਾਤਾਰ ਪੰਜਾਬ ਦੇ ਅੰਦਰ ਇਨਕਲਾਬੀ ਧਿਰਾਂ ਵੱਲੋਂ ਤਾਲਾਬੰਦੀ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ, ਅਵਾਮ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਤੋਂ ਡਰੋ, ਪਰ ਹਕੂਮਤ ਤੋਂ ਨਾ ਡਰੋ, ਘਰਾਂ ਵਿੱਚ ਨਾ ਤੜੋ, ਜੁਲਮ ਦਾ ਵਿਰੋਧ ਕਰੋ, ਇਹ ਰੇਤ ਦੀ ਕੰਧ ਹੈ, ਧੱਕਾ ਮਾਰਿਆ ਡਿੱਗ ਜਾਣੀ ਹੈ। 

ਜਾਣਕਾਰੀ ਮੁਤਾਬਿਕ, ਸਰਕਾਰ ਵੱਲੋਂ ਲਗਾਏ ਜਾ ਰਹੇ ਸਿਆਸੀ ਲਾਕਡਾਊਨ ਦੇ ਵਿਰੋਧ ਵਿੱਚ ਕਿਰਤੀ ਕਿਸਾਨ ਯੂਨੀਅਨ, ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜਦੂਰ ਯੂਨੀਅਨ ਵੱਲੋਂ ਪਿੰਡ ਰੋਡੇ ਵਿਖੇ ਰੋਸ ਮਾਰਚ ਕੱਢਿਆ ਗਿਆ। 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਅਤੇ ਨੌਜਵਾਨ ਭਾਰਤ ਸਭਾ ਦੇ ਇਲਾਕਾ ਮੈਂਬਰ ਬ੍ਰਿਜ ਲਾਲ ਰਾਜੋਆਣਾ ਨੇ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ।

ਉਨ੍ਹਾਂ ਕਿਹਾ ਕਿ ਸਰਕਾਰ ਲਾਕਡਾਊਨ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ ਅਤੇ ਲੋਕਾਂ ਦਾ ਘਾਣ ਕਰ ਰਹੀ ਹੈ, ਉਨ੍ਹਾਂ ਨੂੰ ਘਰਾਂ ਵਿੱਚ ਰਹਿਣ ਵਾਸਤੇ ਮਜਬੂਰ ਕਰ ਰਹੀ ਹੈ। ਸਰਕਾਰ ਆਪਣੀਆਂ ਕਮੀਆਂ ਲੁਕੋਣ ਲਈ ਛਿਆਸੀ ਲਾਕਡਾਊਨ ਲਗਾ ਰਹੀ ਹੈ। ਜਦੋਂ ਕਿ ਅੱਜ ਲੋੜ ਲੋਕਾਂ ਤਕ ਵਿੱਤੀ ਸਹਾਇਤਾ ਪਹੁੰਚਾਉਣ ਦੀ ਅਤੇ ਉਨ੍ਹਾਂ ਲਈ ਖੁਰਾਕੀ ਭੋਜਨ ਦਾ ਪ੍ਰਬੰਧ ਕਰਨ ਦੀ ਹੈ, ਉਨ੍ਹਾਂ ਲਈ ਆਕਸੀਜਨ ਬਿੱਡ ਅਤੇ ਸਿਹਤ ਢਾਂਚਾ ਦਰੁਸਤ ਕਰਨ ਦੀ ਲੋੜ ਹੈ। ਪਰ ਸਰਕਾਰ ਦਾ ਇਸ ਪਾਸੇ ਵੱਲ ਨੂੰ ਕੋਈ ਧਿਆਨ ਨਹੀਂ? 

ਉਨ੍ਹਾਂ ਨੇ 1 ਮਈ ਦਿਨ ਸ਼ਨੀਵਾਰ ਨੂੰ ਬਾਘਾਪੁਰਾਣਾ ਵਿਖੇ ਮਨਾਏ ਜਾ ਰਹੇ ਮਜਦੂਰ ਦਿਵਸ 'ਤੇ ਅਵਾਮ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ, ਅੱਜ ਜਦੋਂ ਰੋਸ ਮਾਰਚ ਕੱਢਿਆ ਜਾ ਰਿਹਾ ਸੀ, ਉਸ ਸਮੇਂ ਪੁਲਿਸ ਨੇ ਗਰੀਬਾਂ ਦੀਆਂ ਜਬਰੀ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਲੋਕਾਂ ਵੱਲੋਂ ਮੌਕੇ 'ਤੇ ਹੀ ਭਾਰੀ ਵਿਰੋਧ ਕੀਤਾ ਗਿਆ। ਅੰਤ ਵਿੱਚ ਪੁਲਿਸ ਨੂੰ ਪਿੱਛੇ ਹਟਣ ਪਿਆ ਅਤੇ ਰੋਸ ਪ੍ਰਦਰਸ਼ਨ ਦੇ ਦਬਾਅ ਹੇਠ ਡੀਐਸਪੀ ਨੇ ਭਰੋਸਾ ਦਿੱਤਾ ਕਿ ਹੁਣ ਦੁਕਾਨਾਂ ਜਬਰੀ ਬੰਦ ਨਹੀਂ ਕਰਾਵਾਂਗੇ।