ਰਾਮ ਰਹੀਮ ਦੇ ਚੇਲੇ ਟਲਦੇ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਬਲਾਤਕਾਰ ਅਤੇ ਪੱਤਰਕਾਰ ਦੇ ਕਤਲ ਕੇਸ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਅੰਦਰ ਬੰਦ ਹੈ। ਪਰ ਇਸ ਦੇ ਬਾਵਜੂਦ ਡੇਰਾ ਸਿਰਸਾ ਮੁਖੀ ਦੇ ਨਾਲੋਂ ਸੰਗਤ ਟੁੱਟਣ ਦੀ ਬਿਜਾਏ, ਸਗੋਂ ਜੁੜਦੀ ਜਾ ਰਹੀ ਹੈ। ਲੰਘੇ ਕਰੀਬ 4 ਸਾਲਾਂ ਤੋਂ ਜੇਲ੍ਹ ਦੇ ਅੰਦਰ ਰਾਮ ਰਹੀਮ ਬੰਦ ਹੈ।

ਜੇਲ੍ਹ ਦੇ ਵਿੱਚ ਰਾਮ ਰਹੀਮ ਬੰਦ ਹੋਣ ਦੇ ਬਾਵਜੂਦ ਵੀ ਜੇਲ੍ਹ ਦੇ ਅੰਦਰੋਂ ਰਾਮ ਰਹੀਮ ਵੰਨ ਸੁਵੰਨੀਆਂ ਚਿੱਠੀਆਂ ਲਿੱਖ ਕੇ ਆਪਣੇ ਭਗਤਾਂ ਨੂੰ ਸੁਨੇਹੇ ਘੱਲ ਰਿਹਾ ਹੈ। ਹੁਣ, ਜੋ ਖ਼ਬਰ ਸਾਹਮਣੇ ਆਈ ਹੈ, ਉਹ ਰਾਮ ਰਹੀਮ-ਕੋਰੋਨਾ ਅਤੇ ਰਾਮ ਰਹੀਮ ਦੇ ਚੇਲਿਆਂ ਦੇ ਨਾਲ ਜੁੜੀ ਹੋਈ ਹੈ। ਇੱਕ ਪੱਤਰ ਇਸ ਵੇਲੇ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਉਕਤ ਪੱਤਰ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤ ਸਰਕਾਰ ਦੇ ਨਾਂਅ 'ਤੇ ਲਿਖ ਕੇ ਰਾਮ ਰਹੀਮ ਦੇ ਚੇਲਿਆਂ ਨੇ ਦਾਅਵਾ ਕੀਤਾ ਹੈ ਕਿ, ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵਿਗਿਆਨੀਆਂ ਦੀ ਟੀਮ ਨਾਲ ਭੇਜਿਆ ਜਾਵੇ। 

ਵਿਗਿਆਨੀਆਂ ਦੀ ਟੀਮ ਗੁਰਮੀਤ ਰਾਮ ਰਹੀਮ ਦੇ ਨਾਲ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਸਬੰਧੀ ਸਲਾਹ ਮਸ਼ਵਰਾ ਕਰੇ ਤਾਂ, ਜੋ ਇਸ ਭਿਆਨਕ ਬਿਮਾਰੀ ਤੋਂ ਮੁਕਤੀ ਪਾਈ ਜਾ ਸਕੇ। ਖ਼ਬਰਾਂ ਦੀ ਮੰਨੀਏ ਤਾਂ, ਡੇਰਾ ਪ੍ਰੇਮੀਆਂ ਨੂੰ ਵੀ ਰਾਮ ਰਹੀਮ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਮਹਾਂਮਾਰੀ ਭਿਆਨਕ ਰੂਪ ਵਿੱਚ ਫੈਲ ਰਹੀ ਹੈ, ਪਰ ਘਬਰਾਉਣ ਦੀ ਥਾਂ ਜੋ ਸਰਕਾਰ ਕਹਿ ਰਹੀ ਹੈ ਉਸ 'ਤੇ ਅਮਲ ਕਰੋ।