ਕੀ ਕੈਪਟਨ ਨੇ ਸੱਚੀ ਬਾਦਲਾਂ ਨਾਲ ਦੁਬਈ ਵਿੱਚ ਕੀਤਾ ਸਮਝੌਤਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ 2015 ਵਿੱਚ ਵਾਪਰੇ ਬੇਅਦਬੀ ਅਤੇ ਗੋਲੀਗਾਂਡ ਸਬੰਧੀ ਪੰਜਾਬ ਦੀ ਮੌਜੂਦਾ ਹਕੂਮਤ ਅਤੇ ਤਤਕਾਲੀ ਹਕੂਮਤ ਨੇ ਕੀ ਸਮਝੌਤਾ ਕਰ ਲਿਆ ਹੋਇਆ ਹੈ? ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲਿਆਂ ਵਿੱਚ ਕੈਪਟਨ ਹਕੂਮਤ ਨੇ ਬਾਦਲਾਂ ਨਾਲ ਦੁਬਈ ਵਿੱਚ ਸਮਝੌਤਾ ਕੀਤਾ ਸੀ। ਇਹ ਦੋਸ਼ ਸਾਡਾ ਨਹੀਂ, ਬਲਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੁਆਰਾ ਲਗਾਇਆ ਗਿਆ ਹੈ। 

ਮਾਨ ਦਾ ਦੋਸ਼ ਹੈ ਕਿ ਬਾਦਲਾਂ ਦੇ ਸ਼ੁਰੂ ਤੋਂ ਹੀ ਕੈਪਟਨ ਝੋਲੀ ਵਿੱਚ ਰਿਹਾ ਹੈ। ਜਦੋਂ ਪੰਜਾਬ 'ਤੇ ਬਾਦਲਾਂ ਦਾ ਰਾਜ ਸੀ, ਉਦੋਂ ਬਾਦਲ ਹੁਰੀਂ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਂਦੇ ਆਏ ਅਤੇ ਹੁਣ ਜਦੋਂ ਸੱਤਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਤਾਂ, ਹੁਣ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਕਾਲੇ ਕਾਰਨਾਮਿਆਂ 'ਤੇ ਪਰਦਾ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰਨ ਦੇ ਵਿੱਚ ਰੁੱਝੇ ਹੋਏ ਹਨ। 

ਭਗਵੰਤ ਮਾਨ ਦੇ ਦਫ਼ਤਰੋਂ ਲੰਘੇ ਕੱਲ੍ਹ ਜਾਰੀ ਹੋਏ ਪ੍ਰੈੱਸ ਬਿਆਨ ਨੂੰ ਗੌਰ ਨਾਲ ਵੇਖੀਏ ਤਾਂ, ਸਾਫ਼ ਸ਼ਬਦਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੈਪਟਨ ਸਰਕਾਰ, ਬਰਗਾੜੀ ਅਤੇ ਬਹਿਬਲ ਕਲਾਂ, ਕੋਟਕਪੂਰਾ ਮਾਮਲਿਆਂ ਵਿੱਚ ਬਾਦਲਾਂ ਦੇ ਨਾਲ ਦੁਬਈ ਸਮਝੌਤੇ ਅਧੀਨ ਹੀ ਚੱਲਦੀ ਆ ਰਹੀ ਹੈ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਦੁਬਈ ਸਮਝੌਤੇ 'ਤੇ ਪਹਿਰਾ ਦਿੰਦੇ ਹੋਏ ਬਾਦਲਾਂ 'ਤੇ ਲੱਗੇ ਬੇਅਦਬੀ ਅਤੇ ਸਿੱਖਾਂ ਦੇ ਕਤਲ ਜਿਹੇ ਦਾਗ ਧੋਣ ਲੱਗਾ ਹੋਇਆ ਹੈ।

ਭਗਵੰਤ ਮਾਨ ਦਾ ਦੋਸ਼ ਇਹ ਵੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਅਤੇ ਗੁਰੂ ਦੀ ਸੰਗਤ ਨਾਲ ਖੜ੍ਹਨ ਦੀ ਥਾਂ ਸ਼ਰੇਆਮ ਗੁਨਾਹਗਾਰਾਂ ਨਾਲ ਖੜ੍ਹੇ ਹੋ ਗਏ ਹਨ, ਕੈਪਟਨ ਅਤੇ ਕਾਂਗਰਸ ਦੇ ਇਸ ਬੱਜਰ ਗੁਨਾਹ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਕੈਪਟਨ ਸਮੇਤ ਸਮੁੱਚੀ ਕਾਂਗਰਸ ਨੂੰ ਉਵੇਂ ਸਬਕ ਸਿਖਾਉਣਗੇ, ਜਿਵੇਂ 2017 ਵਿੱਚ ਬਾਦਲਾਂ ਨੂੰ ਸਿਖਾਇਆ ਸੀ।