ਕੱਟੜਪੰਥੀਆਂ ਨੂੰ ਲੈ ਡੁੱਬਿਆ ਸੁਪਰੀਮ ਕੋਰਟ ਦਾ ਫੈਸਲਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਭਾਰਤ ਧਰਮ ਨਿਰਪੱਖ ਦੇਸ਼ ਹੈ, ਪਰ ਫਿਰ ਵੀ ਸਾਡੇ ਦੇਸ਼ ਦੇ ਅੰਦਰ ਇੱਕ ਖ਼ਾਸ ਫ਼ਿਰਕੇ ਦੇ ਵੱਲੋਂ ਲਗਾਤਾਰ ਘੱਟ ਗਿਣਤੀਆਂ ਨੂੰ ਕੁਚਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਆਦਾਤਰ ਉਨ੍ਹਾਂ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਜ਼ਿਆਦਾ ਕੁਚਲਿਆ ਜਾ ਰਿਹਾ ਹੈ, ਜਿਨ੍ਹਾਂ ਦੀ ਆਬਾਦੀ ਭਾਰਤ ਦੇ ਅੰਦਰ ਬਹੁਤ ਘੱਟ ਹੈ। ਭਾਰਤ ਦੇ ਅੰਦਰ ਸਿੱਖਾਂ ਅਤੇ ਮੁਸਲਮਾਨਾਂ ਦੀ ਗਿਣਤੀ ਘੱਟ ਹੈ। 

ਜਦੋਂਕਿ ਹਿੰਦੂ ਧਰਮ ਦੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਧਾਰਨ ਜਿਹੇ ਸ਼ਬਦਾਂ ਵਿੱਚ ਕਹਿ ਲਈਏ ਤਾਂ, ਭਾਰਤ ਦੇ ਅੰਦਰ ਲਗਭਗ 80 ਪ੍ਰਤੀਸ਼ਤ ਦੇ ਕਰੀਬ ਹਿੰਦੂ ਧਰਮ ਦੇ ਨਾਲ ਸਬੰਧ ਰੱਖਣ ਵਾਲੇ ਲੋਕ ਰਹਿੰਦੇ ਹਨ। ਪਰ, ਇਸ ਦੇ ਬਾਵਜੂਦ ਕੁੱਝ ਵੀ ਕੱਟੜਪੰਥੀ ਇਹ ਕਹਿ ਕੇ ਅਫ਼ਵਾਹਾਂ ਉਡਾ ਰਹੇ ਹਨ ਕਿ, ਭਾਰਤ ਦੇ ਅੰਦਰ ਹਿੰਦੂ ਸਮਾਜ ਨੂੰ ਦੂਜੇ ਧਰਮਾਂ ਤੋਂ ਖ਼ਤਰਾ ਹੈ। 

ਜਦੋਂਕਿ, ਅਸਲੀਅਤ ਦੇ ਵਿੱਚ ਵੇਖੀਏ ਤਾਂ ਅਜਿਹਾ ਕੁੱਝ ਵੀ ਨਹੀਂ ਹੈ। ਸਿਆਣੇ ਅਤੇ ਸਮਝਦਾਰ ਲੋਕ ਮਿਲ ਜੁਲ ਕੇ ਭਾਰਤ ਦੇ ਅੰਦਰ ਰਹਿ ਰਹੇ ਹਨ। ਕੱਟੜਤਾ ਵਾਲੇ ਲੋਕ ਆਪਣੀਆਂ ਕੋਝੀਆਂ ਚਾਲਾਂ ਚੱਲ ਤਾਂ ਰਹੇ ਹਨ, ਪਰ ਉਨ੍ਹਾਂ ਦੀਆਂ ਚਾਲਾਂ 'ਤੇ ਪਾਣੀ ਫਿਰ ਰਿਹਾ ਹੈ। ਖ਼ੈਰ, ਭਾਰਤ ਧਰਮ ਨਿਰਪੱਖ ਮੁਲਕ ਹੈ ਅਤੇ ਭਾਰਤ ਦੇ ਅੰਦਰ ਕਿਸੇ ਨੂੰ ਵੀ ਆਪਣਾ ਧਰਮ ਖ਼ੁਦ ਚੁਣਨ ਦਾ ਅਧਿਕਾਰ ਹੈ।

ਇਹ ਗੱਲ ਅਸੀਂ ਨਹੀਂ ਕਹਿੰਦੇ, ਬਲਕਿ ਸਾਡੇ ਮੁਲਕ ਦੇ ਸੰਵਿਧਾਨ ਤੋਂ ਇਲਾਵਾ ਸਰਵ ਉੱਚ ਅਦਾਲਤ (ਸੁਪਰੀਮ ਕੋਰਟ) ਕਹਿੰਦੀ ਹੈ। ਭਾਰਤ ਨੂੰ ਇੱਕ ਖ਼ਾਸ ਫ਼ਿਰਕੇ ਵਿੱਚ ਬਦਲਣ ਵਾਲੀਆਂ ਧਿਰਾਂ ਦੇ ਮੂੰਹ 'ਤੇ ਉਸ ਵੇਲੇ ਪਿਛਲੇ ਦਿਨੀਂ ਚਪੇੜ ਵੱਜ ਗਈ, ਜਦੋਂ ਸੁਪਰੀਮ ਕੋਰਟ ਨੇ ਟਿੱਪਣੀ ਕਰ ਦਿੱਤੀ ਕਿ, ਧਰਮ ਨਿਰਪੱਖ ਮੁਲਕ ਦੇ ਅੰਦਰ 18 ਸਾਲ ਤੋਂ ਵੱਧ ਉਮਰ ਵਾਲੇ ਹਰ ਮਰਦ ਔਰਤ ਨੂੰ ਆਪਣਾ ਧਰਮ ਚੁਣਨ ਦਾ ਅਧਿਕਾਰ ਹੈ।