ਕਿਸਾਨਾਂ ਦੀ ਸ਼ਲਾਘਾ ਭਾਜਪਾ ਕਿਉਂ ਕਰ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਕਿਸਾਨਾਂ ਦਾ ਅੰਦੋਲਨ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੁਆਰਾ ਕਈ ਅਜਿਹੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਦੀ ਸ਼ਲਾਘਾ ਕੇਂਦਰ ਵਿਚਲੀ ਭਾਜਪਾ ਸਰਕਾਰ ਵੀ ਕਰ ਰਹੀ ਹੈ। ਦਰਅਸਲ, ਇਸ ਵੇਲੇ ਮੁਲਕ ਦੇ ਅੰਦਰ ਕੋਰੋਨਾ ਕਹਿਰ ਦੇ ਕਾਰਨ ਆਕਸੀਜਨ ਦੀ ਭਾਰੀ ਕਮੀ ਵੇਖਣ ਨੂੰ ਮਿਲ ਰਹੀ ਹੈ, ਜਿਸ ਦੇ ਚੱਲਦਿਆਂ ਹੋਇਆ ਕਿਸਾਨਾਂ ਨੇ ਇੱਕ ਵੱਡਾ ਫੈਸਲਾ ਕਰ ਮਾਰਿਆ ਹੈ। 

ਜਿਸ ਦੇ ਤਹਿਤ ਹੁਣ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਲੱਗੇ ਮੋਰਚੇ ਵੱਲੋਂ ਜੀਟੀ ਰੋਡ ਕਰਨਾਲ ਨੂੰ ਇੱਕ ਪਾਸੇ ਤੋਂ ਮੁਕੰਮਲ ਤੌਰ 'ਤੇ ਆਕਸੀਜਨ ਵਾਲੀਆਂ ਗੱਡੀਆਂ ਅਤੇ ਐਂਬੂਲੈਸਾਂ ਵਾਸਤੇ ਖੋਲ੍ਹ ਦਿੱਤਾ ਗਿਆ ਹੈ। ਕਿਸਾਨਾਂ ਦੁਆਰਾ ਚੁੱਕੇ ਗਏ ਇਸ ਕਦਮ ਦੀ ਭਾਜਪਾ ਦੁਆਰਾ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸਦੇ ਚੱਲੀਏ ਕਿ ਕੁੱਝ ਦਿਨ ਪਹਿਲੋਂ ਕਿਸਾਨਾਂ 'ਤੇ ਇਹ ਦੋਸ਼ ਭਾਜਪਾ ਆਈਟੀ ਸੈੱਲ ਨੇ ਲਗਾਏ ਸਨ ਕਿ, ਕਿਸਾਨ ਆਕਸੀਜਨ ਵਾਲੀਆਂ ਗੱਡੀਆਂ ਨਹੀਂ ਲੰਘਾ ਰਹੇ। 

ਜਦੋਂਕਿ, ਦੂਜੇ ਪਾਸੇ ਕਿਸਾਨਾਂ ਨੇ ਭਾਜਪਾ ਦੇ ਆਈਟੀ ਸੈੱਲ ਦੇ ਬਿਆਨਾਂ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਸਾਫ਼ ਕੀਤਾ ਕਿ, ਕਿਸਾਨਾਂ ਦੁਆਰਾ ਨਾ ਤਾਂ ਆਕਸੀਜਨ ਵਾਲੀਆਂ ਗੱਡੀਆਂ ਰੋਕੀਆਂ ਗਈਆਂ ਹਨ ਅਤੇ ਨਾ ਹੀ ਕਿਸੇ ਐਂਬੂਲੈਂਸ ਨੂੰ ਰਸਤੇ ਵਿੱਚ ਰੋਕਿਆ ਗਿਆ। ਕਿਸਾਨਾਂ ਮੁਤਾਬਿਕ, ਜੀ.ਟੀ. ਰੋਡ ਕਰਨਾਲ ਦਾ ਇੱਕ ਹਿੱਸਾ ਆਕਸੀਜਨ, ਐਂਬੂਲੈਂਸ ਅਤੇ ਹੋਰ ਜਰੂਰੀ ਸੇਵਾਵਾਂ ਲਈ ਖੋਲ੍ਹ ਦਿੱਤਾ ਗਿਆ, ਜਿਸ 'ਤੇ ਦਿੱਲੀ ਪੁਲਿਸ ਨੇ ਸਖਤ ਰੁਕਾਵਟ ਲਗਾਈ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ, ਉਹ ਕੋਰੋਨਾ ਵਿਰੁੱਧ ਯੁੱਧ ਵਿਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਦੱਸਦੇ ਚੱਲੀਏ ਕਿ ਲੰਘੇ ਦਿਨ ਖੋਲ੍ਹੇ ਗਏ ਜੀਟੀ ਰੋਡ ਕਰਨਾਲ ਜਦੋਂ ਖੋਲ੍ਹਿਆ ਗਿਆ ਤਾਂ, ਉਸ ਮੌਕੇ ਐਸਪੀ, ਸੋਨੀਪਤ ਦੇ ਸੀ.ਐੱਮ.ਓ ਸਣੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। ਜਿਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਐਮਰਜੈਂਸੀ ਸੇਵਾਵਾਂ ਬਹਾਲ ਕਰਨ 'ਤੇ ਕਿਸਾਨਾਂ ਦਾ ਧੰਨਵਾਦ ਕੀਤਾ।