ਵੱਧਦੇ ਕੋਰੋਨਾ ਕੇਸਾਂ ਨੂੰ ਲੈ ਕੇ, ਕੋਸੀਏ ਕਿਸ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੁਣੋਂ, ਜਰਾਂ ਕੁ ਕੰਨ ਖੋਲ੍ਹ ਕੇ..! ਪਿਛਲੇ ਸਾਲ ਜਨਵਰੀ ਮਹੀਨੇ ਸਾਡੇ ਮੁਲਕ ਵਿੱਚ ਕੋਰੋਨਾ ਨੇ ਆਪਣਾ ਪੈਰ ਧਰਿਆ ਸੀ। ਸਵਾ ਸਾਲ ਹੋ ਗਿਆ, ਕੋਰੋਨਾ ਸਾਡੇ ਮੁਲਕ ਵਿੱਚ ਹੀ ਸੈਰ ਸਪਾਟੇ ਕਰੀ ਜਾ ਰਿਹੈ। ਭਾਰਤੀ ਮੀਡੀਆ, ਜਿਸ ਨੂੰ ਗੋਦੀ ਮੀਡੀਆ ਵੀ ਕਹਿੰਦੇ ਨੇ, ਉਹਦੇ ਮੁਤਾਬਿਕ ਤਾਂ, ਕੋਰੋਨਾ ਚੀਨ ਵਿੱਚੋਂ ਆਇਆ ਸੀ। ਚੀਨੀ ਲੋਕ ਪਤਾ ਨਹੀਂ ਖੈਹ ਸਵਾਹ ਖ਼ਾਂਦੇ ਨੇ, ਜਿਨ੍ਹਾਂ ਨੇ ਇਹ ਕੋਰੋਨਾ ਬਣਾਇਆ। 

ਮਰਨ ਜੋਗਿਆ ਦੀਆਂ ਤਾਂ ਹੀ ਅੱਖਾਂ ਨਹੀਂ ਖੁੱਲ੍ਹਦੀਆਂ। ਅਮਰੀਕਾ ਨੇ ਕੋਰੋਨਾ ਮਸਲੇ 'ਤੇ ਸਭ ਤੋਂ ਵੱਧ ਚੀਨ ਨੂੰ ਕੋਸਿਆ। ਭਾਰਤ ਪਿੱਠੂ ਅਮਰੀਕਾ ਦਾ ਹੈ, ਇਹਨੇ ਵੀ ਚੀਨ ਨੂੰ ਚੰਗਾ ਕੋਸਿਆ। ਪਰ, ਹੁਣ ਤੱਕ ਇਹ ਸਾਬਤ ਨਹੀਂ ਹੋ ਸਕਿਆ, ਕਿ ਚੀਨ ਤੋਂ ਵਾਕਿਆ ਹੀ ਕੋਰੋਨਾ ਵਾਇਰਸ ਫ਼ੈਲਿਆ? ਕੋਰੋਨਾ ਕਹਿੰਦੇ ਨੇ ਭੀੜ ਭਾੜ ਵਾਲੇ ਇਲਾਕੇ ਵਿੱਚ ਜਾਂਦੈ। ਵਿਆਹ ਸ਼ਾਂਦੀ ਅਤੇ ਭੋਗ ਦੇ ਸਮਾਗਮਾਂ ਵਿੱਚ ਕੋਰੋਨਾ ਦੀ ਐਂਟਰੀ ਬੈਨ ਹੈ। 

ਰਾਤ ਦੇ ਹਨ੍ਹੇਰੇ ਵਿੱਚ ਕੋਰੋਨਾ ਦਾ ਖ਼ੌਫ਼ ਸੜਕਾਂ 'ਤੇ ਹੁੰਦੈ। ਚੋਰ ਵੀ ਹੁਣ ਡਰਦੇ ਮਾਰੇ, ਚੋਰੀ ਕਰਨ ਨਹੀਂ ਨਿਕਲਦੇ, ਕਿ ਕਿਤੇ ਕੋਰੋਨਾ ਗਲ ਨਾ ਪੈ ਜਾਵੇ। ਪਰ, ਕਈ ਚੋਰ ਜਿਹੜੇ ਸਿਆਣੇ ਨੇ, ਉਹ ਰਾਤ ਵੇਲੇ ਨਿਕਲਦੇ ਨੇ ਅਤੇ ਕੋਰੋਨਾ ਤੋਂ ਨਾ ਡਰਦੇ ਹੋਏ, ਸਮਾਨ ਚੋਰੀ ਕਰਕੇ ਲੈ ਜਾਂਦੇ ਨੇ। ਰਾਤ ਦਾ ਕਰਫ਼ਿਊ ਕੋਰੋਨਾ ਨੂੰ ਮਾਫ਼ ਐ। ਦਿਨ ਦੀਆਂ ਰੈਲੀਆਂ ਵਿੱਚ ਕੋਰੋਨਾ ਸਾਫ਼ ਐ। ਕਿਉਂਕਿ ਰੈਲੀਆਂ ਵਿੱਚ ਲੀਡਰਾਂ ਹੁੰਦੇ ਨੇ ਅਤੇ ਲੀਡਰਾਂ ਤੋਂ ਕੋਰੋਨਾ ਖ਼ੌਫ਼ ਖਾਂਦੈ। ਕੋਰੋਨਾ ਨੂੰ ਜਿਹੜੀ ਸਭ ਤੋਂ ਭੈੜੀ ਚੀਜ਼ ਲੱਗਦੀ ਹੈ, ਉਹ ਹੈ ਚੋਣ, ਅੰਦੋਲਨ ਅਤੇ ਲੀਡਰਾਂ ਦੀ ਰੈਲੀ! 

ਕਿਉਂਕਿ ਇੱਥੇ ਕੋਰੋਨਾ ਨੂੰ, ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਦੀ। ਅੰਦੋਲਨ ਵਿੱਚ ਮਧੋਲਿਆ ਜਾਂਦੈ ਕੋਰੋਨਾ! ਚੋਣਾਂ ਵਿੱਚ ਪੂਰੀ ਤਰ੍ਹਾਂ ਚੜ੍ਹਾਈ (ਮਰ) ਕਰ ਜਾਂਦੈ ਕੋਰੋਨਾ! ਕੁੱਝ ਸਵਾਲ ਨੇ, ਕੋਰੋਨਾ ਵਾਇਰਸ ਨੂੰ, ਕਿ ਭਾਈ ਤੇਰਾ ਮਾਲਕ ਕੌਣ ਐ? ਦੇਸ਼ ਦੇ ਹਾਕਮਾਂ ਨੂੰ ਵੀ ਕੁੱਝ ਸਵਾਲ ਨੇ, ਕਿ ਐਵੇਂ ਕੋਰੋਨਾ ਦਾ ਡਰਾਮਾ ਕਰੀ ਜਾ ਰਹੇ ਹੋ, ਦੱਸੋ ਖਾ ਭਲਾ ਜਿਹੜੇ ਰਾਜਾਂ ਵਿੱਚ ਚੋਣਾਂ ਨੇ ਉੱਥੇ ਕੋਰੋਨਾ ਦਾ ਕੋਈ ਨਾਂਅ ਥੇਹ ਹੈ? 

ਕਿਹੜੀ ਖੁੱਡ ਵਿੱਚ ਵੜ੍ਹ ਗਿਆ ਕੋਰੋਨਾ? ਬਗ਼ੈਰ ਮਾਸਕ ਤੋਂ ਲੀਡਰ ਚੋਣ ਰੈਲੀਆਂ ਕਰ ਰਹੇ ਨੇ, ਉਨ੍ਹਾਂ 'ਤੇ ਕਾਰਵਾਈ ਕਿਉਂ ਨਹੀਂ ਕਰਦਾ ਚੋਣ ਕਮਿਸ਼ਨ? ਕੀ ਇਹ ਲੋਕ ਮਾਰੂ ਕਾਨੂੰਨ ਸਿਰਫ਼ ਤੇ ਸਿਰਫ਼ ਭਾਰਤੀ ਜਨਤਾ 'ਤੇ ਹੀ ਲਾਗੂ ਹੁੰਦੇ ਨੇ? ਗ਼ਰੀਬ ਬੰਦੇ ਨੇ ਜੇਕਰ ਮਾਸਕ ਨਹੀਂ ਪਾਇਆ ਤਾਂ 500-1000 ਰੁਪਏ ਤੱਕ ਦਾ ਚਲਾਨ ਆਖ਼ਰ ਕਿਉਂ? ਗ੍ਰਹਿ ਮੰਤਰੀ ਅਮਿਤ ਸ਼ਾਹ ਬਿਨ੍ਹਾਂ ਮਾਸਕ ਤੋਂ ਰੈਲੀਆਂ ਕਰ ਰਹੇ ਨੇ, ਉਹਦਾ ਚਲਾਨ ਕਿਉਂ ਨਹੀਂ?