ਨਸ਼ਾ ਖਤਮ ਕਰਨ ਵਾਲਾ ਵਾਅਦਾ ਕਦੋਂ ਪੂਰਾ ਕਰਨਗੇ ਕੈਪਟਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਵਾਅਦਾ ਤਾਂ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਦਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਪਰ ਅਫਸੋਸ ਉਕਤ ਵਾਅਦਾ ਹੁਣ ਤੱਕ ਪੂਰਾ ਨਹੀਂ ਹੋ ਸਕਿਆ। ਪੰਜਾਬ ਵਿੱਚ ਇਸ ਵੇਲੇ ਬੇਸ਼ਕ ਬੇਰੁਜ਼ਗਾਰੀ ਅਤੇ ਗਰੀਬੀ ਵਧਦੀ ਜਾ ਰਹੀ ਹੈ। ਪਰ ਇਸ ਦੇ ਨਾਲ ਹੀ, ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਵੈਸੇ ਨਸ਼ਿਆਂ ਦੀ ਸਮੱਸਿਆ ਕੋਈ ਇਕੱਲੀ-ਇਕਹਿਰੀ ਨਹੀਂ, ਇਸ ਦੀਆਂ ਜੜ੍ਹਾਂ ਵੀ, ਬੇਰੁਜ਼ਗਾਰੀ ਅਤੇ ਅਜਿਹੀਆਂ ਹੋਰ ਵੱਡੀਆਂ ਸਮੱਸਿਆਵਾਂ ਨਾਲ ਜੁੜੀਆਂ ਹੋਈਆਂ ਹਨ। ਜਦੋਂ ਤੱਕ ਸਰਕਾਰ ਇਨ੍ਹਾਂ ਸਮੱਸਿਆਵਾਂ ਵਲ ਪੂਰੀ ਸੰਜੀਦਗੀ ਨਹੀਂ ਦਿਖਾਉਂਦੀ, ਇਸ ਮਾਮਲੇ ਦਾ ਹੱਲ ਔਖਾ ਹੀ ਨਹੀਂ, ਅਸੰਭਵ ਵੀ ਜਾਪਦਾ ਹੈ। ਇਸ ਸੂਰਤ ਵਿਚ ਪੰਜਾਬ ਦੀਆਂ ਸਾਰੀਆਂ ਸੰਜੀਦਾ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਇਕੱਠੀਆਂ ਹੋ ਕੇ ਸਰਕਾਰ ਦੇ ਸਾਹਮਣੇ ਏਜੰਡਾ ਰੱਖਣ ਅਤੇ ਫਿਰ ਵਾਰ-ਵਾਰ ਉਸ ਦੀ ਪੈਰਵੀ ਵੀ ਕਰਨ। ਸਿਹਤ ਅਤੇ ਸਿੱਖਿਆ ਦੇ ਪੱਖ ਤੋਂ ਪੰਜਾਬ ਪਹਿਲਾਂ ਹੀ ਹੌਲਾ ਹੋ ਰਿਹਾ ਹੈ। ਇਨ੍ਹਾਂ ਦੋਹਾਂ ਮਾਮਲਿਆਂ ਵਿਚ ਸਰਕਾਰ ਤੇ ਵਿਰੋਧੀ ਧਿਰਾਂ ਦਾ ਰਵੱਈਆ ਕਰੀਬ ਇਕੋ ਜਿਹਾ ਹੈ। ਪੰਜਾਬ ਵਿਚ ਹੁਣ ਅਜਿਹੀ ਸਿਆਸਤ ਦੀ ਲੋੜ ਹੈ, ਜੋ ਇਸ ਖੜੋਤ ਨੂੰ ਤੋੜ ਸਕੇ; ਨਹੀਂ ਤਾਂ ਅਜਿਹੇ ਹਾਦਸੇ ਵਾਪਰਦੇ ਰਹਿਣਗੇ, ਇਨ੍ਹਾਂ ਉਤੇ ਸਿਆਸਤ ਵੀ ਭਖਦੀ ਰਹੇਗੀ, ਪਰ ਕਿਤੇ ਕੋਈ ਤਬਦੀਲੀ ਨਹੀਂ ਹੋ ਸਕੇਗੀ। ਲੋਕਾਂ ਨੂੰ ਇਸੇ ਤਰ੍ਹਾਂ ਮਰਨ ਲਈ ਛੱਡ ਦਿੱਤਾ ਜਾਵੇਗਾ। ਪੰਜਾਬ ਵਿਚ ਨਸ਼ਿਆਂ ਦਾ ਕਹਿਰ ਪਹਿਲਾਂ ਵਾਂਗ ਹੀ ਜਾਰੀ ਹੈ। ਹੋਰ ਤਾਂ ਹੋਰ, ਕਰੋਨਾ ਵਾਇਰਸ ਦੇ ਸੰਕਟ ਕਾਰਨ ਜਦੋਂ ਸਾਰਾ ਕੁਝ ਠੱਪ ਵਰਗਾ ਹੋਇਆ ਪਿਆ ਸੀ, ਰਿਕਾਰਡ ਦੱਸਦੇ ਹਨ ਕਿ ਉਸ ਵਕਤ ਵੀ ਨਸ਼ਿਆਂ ਦੀ ਸਪਲਾਈ ਵਿਚ ਕੋਈ ਬਹੁਤਾ ਫਰਕ ਨਹੀਂ ਪਿਆ। ਹਕੀਕਤ ਇਹ ਹੈ ਕਿ ਸਰਕਾਰਾਂ ਦਾ ਵੱਡਾ ਮਾਲੀਆ ਸ਼ਰਾਬ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਜਦੋਂ ਅਜੇ ਕਰੋਨਾ ਦਾ ਸੰਕਟ ਸਿਖਰਾਂ ਛੋਹ ਰਿਹਾ ਹੈ। ਪਰ ਸ਼ਰਾਬ ਠੇਕੇ ਬੰਦ ਕਰਨ ਦੇ ਹੁਕਮ ਬਿਲਕੁਲ ਨਹੀਂ ਆ ਰਹੇ। ਚਿੱਟਾ ,ਸਮੈਕ ,ਹੈਰੋਇਨ ,ਅਫੀਮ, ਪਤਾ ਨਹੀਂ ਹੋਰ ਕਿਹੜੇ ਕਿਹੜੇ ਨਸ਼ੇ ਖੁਲ੍ਹੇ ਵਿਕ ਰਹੇ ਹਨ।