ਹੁਣ ਏਅਰ ਇੰਡੀਆ 'ਸੇਲ' ਹੋਊ! (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ਬਰਾਂ ਕਹਿੰਦੀਆਂ ਨੇ ਕਿ, ਬਹੁਤ ਹੀ ਜਲਦ ਏਅਰ ਇੰਡੀਆ ਵਿਕ ਜਾਊਗਾ। ਮੰਨਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਜਲਦ ਹੀ ਨਵਾਂ ਮਾਲਕ ਮਿਲੇਗਾ। ਇਸ ਦੇ ਸੰਕੇਤ ਸਿਵਲ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੇ ਹਨ। ਪਿਛਲੇ ਦਿਨੀਂ ਇੱਕ ਮੀਟਿੰਗ ਵਿੱਚ ਪੁੱਜੇ ਹਰਦੀਪ ਸਿੰਘ ਪੁਰੀ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ, ਇਸੇ ਸਾਲ ਦੇ ਜੂਨ ਮਹੀਨੇ ਵਿੱਚ ਏਅਰ ਇੰਡੀਆ ਦਾ ਪੱਤਾ ਸਾਫ਼ ਹੋ ਜਾਊ। 

ਮਤਲਬ ਕਿ ਸਰਕਾਰ ਹੱਥੋਂ ਲਗਾਮਾਂ ਖੋਹ ਕੇ, ਕਿਸੇ ਨਵੇਂ ਮਾਲਕ ਨੂੰ ਫੜਾ ਦਿੱਤੀਆਂ ਜਾਣਗੀਆਂ। ਹਰਦੀਪ ਸਿੰਘ ਪੁਰੀ ਕਹਿੰਦਾ ਹੈ ਕਿ ਕਈ ਮਹੀਨੇ ਦੇ ਅੰਦਰ ਅੰਦਰ ਵਿੱਤੀ ਟੈਂਡਰ ਦੀ ਚੋਣ ਕੀਤੀ ਜਾਵੇਗੀ ਅਤੇ ਉਹਦੇ ਬਾਅਦ ਜੂਨ ਮਹੀਨੇ ਵਿੱਚ ਸੰਭਾਵਿਤ ਖ਼ਰੀਦਦਾਰ ਦਾ ਐਲਾਨ ਵੀ ਕੀਤਾ ਜਾਵੇਗਾ। ਜਿਹਨੂੰ ਸੌਦਾ ਪਸੰਦ ਆਇਆ, ਉਹ ਖ਼ਰੀਦ ਕੇ ਲੈ ਜਾਊ। 

ਵੈਸੇ, ਮੁਲਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਹੁਕਮਰਾਨ ਮੁਲਕ ਦੇ ਵਿਭਾਗਾਂ ਨੂੰ ਇਸ ਤਰ੍ਹਾਂ ਵੇਚਦਾ ਹੋਵੇ, ਜਿਵੇਂ ਰੇਹੜੀ ਤੋਂ ਕੇਲੇ ਵਿਕਦੇ ਹੋਣ। ਪਤਾ ਨਹੀਂ, ਮੁਲਕ ਦੀ ਅਰਥ ਵਿਵਸਥਾ ਨੂੰ ਕੀ ਸਿਆਪਾ ਪੈ ਗਿਆ? ਲੋਕ ਟੈਕਸ ਵੀ ਦੁਗਣਾ ਤਿਗਣਾ ਦੇਈਂ ਜਾਂਦੇ ਨੇ, ਫਿਰ ਵੀ ਸਰਕਾਰ ਦਾ ਢਿੱਡ ਨਹੀਂ ਭਰ ਰਿਹਾ। ਆਖ਼ਰ ਕਿਹੜੇ ਮੋਟੇ ਢਿੱਡ ਆਲਾ ਮੰਤਰੀ ਇਹ ਸਾਰਾ ਟੈਕਸ ਰੂਪੀ ਪੈਸਾ ਆਵਦੀ 'ਗੋਗੜ' ਵਿੱਚ ਪਾਈ ਤੁਰੀ ਜਾ ਰਿਹਾ?

ਦੱਸਦੇ ਚੱਲੀਏ ਕਿ, ਮੁਲਕ ਦੀ ਮੌਜੂਦਾ ਭਾਜਪਾ ਹਕੂਮਤ ਜਦੋਂ ਤੋਂ ਸੱਤਾ 'ਤੇ ਕਾਬਜ ਹੈ, ਉਦੋਂ ਤੋਂ ਇੱਕ ਨਹੀਂ ਦੋ ਨਹੀਂ, ਬਲਕਿ ਅਣਗਿਣਤ ਕੰਪਨੀਆਂ ਅਤੇ ਵਿਭਾਗਾਂ ਦਾ ਹਕੂਮਤ ਦੁਆਰਾ ਨਿੱਜੀਕਰਨ ਕੀਤਾ ਗਿਆ ਹੈ। ਕੰਪਨੀਆਂ ਅਤੇ ਵਿਭਾਗਾਂ ਨੂੰ ਇਸ ਪ੍ਰਕਾਰ ਸਰਕਾਰ ਦੁਆਰਾ 'ਸੇਲ' ਕੀਤਾ ਜਾ ਰਿਹਾ, ਜਿਵੇਂ ਇਹ ਕੰਪਨੀਆਂ ਅੰਗਰੇਜ਼ਾਂ ਦੀ ਜਾਇਦਾਦ ਹੋਣ।