ਅੰਦਰਲੀ ਗੱਲ: ਕਿਸਾਨੀ ਸੰਘਰਸ਼ ਦਾ ਨੇੜ-ਭਵਿੱਖ ਵਿੱਚ ਛੇਤੀ ਜਿੱਤਣਾ ਸੰਭਵ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਮੋਰਚੇ ਪ੍ਰਤੀ ਕੁੱਝ ਲੋਕਾਂ ਦਾ ਉਤਸ਼ਾਹ ਥੋੜ੍ਹਾ ਮੱਠਾ ਜ਼ਰੂਰ ਪਿਆ ਹੈ, ਪਰ ਉਨ੍ਹਾਂ ਦੀਆਂ ਉਮੀਦਾਂ ਇਸ ਸੰਘਰਸ਼ ਉਪਰ ਹੀ ਲੱਗੀਆਂ ਹੋਈਆਂ ਹਨ ਅਤੇ ਉਹ ਲਗਾਤਾਰ ਮਹਾਂ ਅੰਦੋਲਨ ਵਿਚ ਹਿੱਸਾ ਲੈ ਰਹੇ ਹਨ। ਇੱਕ ਗੱਲ ਤਾਂ ਸਭ ਨੂੰ ਸਮਝ ਪੈ ਚੁੱਕੀ ਹੈ ਕਿ ਸੰਘਰਸ਼ ਦਾ ਨੇੜ-ਭਵਿੱਖ ਵਿਚ ਛੇਤੀਂ ਜਿੱਤਣਾ ਸੰਭਵ ਨਹੀਂ ਹੈ। ਇਸ ਦਾ ਲੰਮਾ ਵਕਤ ਚੱਲਣਾ ਤੈਅ ਹੈ। 

ਕਿਉਂਕਿ ਸੰਘਰਸ਼ ਦਾ ਮੱਥਾ ਘੋਰ ਹੰਕਾਰੀ ਅਤੇ ਫਾਸ਼ੀਵਾਦੀ ਹਕੂਮਤ ਨਾਲ ਲੱਗਿਆ ਹੋਇਆ ਹੈ। ਜਿਸ ਦੀ ਪਿੱਠ 'ਤੇ ਆਲਮੀ ਅਤੇ ਦੇਸੀ ਕਾਰਪੋਰੇਟ ਸਰਮਾਏਦਾਰੀ ਹੈ, ਜਿਨ੍ਹਾਂ ਦੇ ਕਾਰੋਬਾਰੀ ਹਿਤਾਂ ਲਈ ਇਹ ਕਾਨੂੰਨ ਲਿਆਂਦੇ ਗਏ ਹਨ। ਇੱਕ ਆਲੋਚਕ ਹੁਕਮਰਾਨ ਨੂੰ ਕਹਿੰਦਾ ਹੈ, ਕਿ ਤੁਹਾਡੇ ਖਾਨੇ ਵਿੱਚ ਗੱਲ ਕਿਉਂ ਨਹੀਂ ਪੈਂਦੀ ਪਈ, ਤੁਸੀਂ ਇਸ ਗੱਲ ਤੇ ਵਿਚਾਰ ਕਿਉਂ ਨਹੀਂ ਕਰਦੇ, ਕਿ ਜੇਕਰ ਕਿਸਾਨ ਕਨੂੰਨ ਨਹੀਂ ਚਾਹੁੰਦੇ।

ਫਿਰ ਉਹਨਾਂ ਤੇ ਧੱਕੇ ਨਾਲ ਕਿਉਂ ਥੋਪ ਰਹੇ ਹੋ। ਛੱਡੋ ਪਰਾਂ ਇਧਰ ਉਧਰ ਦੀਆਂ ਗੱਲਾਂ ਤੇ ਸਿੱਧੀ ਕੰਮ ਦੀ ਗੱਲ ਕਰੋ। ਕਾਨੂੰਨ ਰੱਦ ਕੀਤੇ ਤੋਂ ਬਗੈਰ ਕਿਸਾਨ ਅੰਦੋਲਨ ਦਾ ਹਲ ਨਹੀਂ ਹੋਣਾ। ਬੇਸ਼ਕ ਇਸ ਤੋਂ ਬਾਹਦ ਕਿਸਾਨਾਂ ਤੇ ਕਾਨੂੰਨ ਘੜ੍ਹਨ ਵਾਲਿਆਂ ਨਾਲ ਬੈਠ ਕੇ ਸਹਿਮਤੀ ਨਾਲ ਕੋਈ ਹੋਰ ਕਾਨੂੰਨ ਬਣਾ ਲੈਣਾ। ਪਰ ਅੱਜ ਦੀ ਘੜੀ ਤਾਂ ਕਾਨੂੰਨ ਰੱਦ ਕਰਨੇ ਹੀ ਪੈਣਗੇ, ਇਸ ਤੋਂ ਘੱਟ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਵੀ ਸਮਝੌਤਾ ਨਹੀਂ। 

ਸੱਤਾਧਾਰੀ ਧਿਰ ਭੜਕਾਹਟ ਪੈਦਾ ਕਰਕੇ ਸੰਘਰਸ਼ ਨੂੰ ਲੀਹੋਂ ਲਾਹੁਣ ਦੀਆਂ ਮੱਕਾਰ ਚਾਲਾਂ ਨੂੰ ਨਾ-ਕਾਮਯਾਬ ਕਿਸਾਨਾਂ ਨੇ ਬਣਾਇਆ ਹੈ। ਝੂਠੇ ਕੇਸਾਂ ਅਤੇ ਜਬਰ ਰਾਹੀਂ ਅਵਾਮ ਦਾ ਮਨੋਬਲ ਤੋੜਨ ਦੇ ਹਰ ਹਰਬੇ ਨੂੰ ਮੂੰਹ ਦੀ ਖਾਣੀ ਪਈ ਹੈ। ਐਪਰ, ਫਾਸ਼ੀਵਾਦੀ ਹਕੂਮਤ ਦੀ ਮਸਲੇ ਨੂੰ ਹੱਲ ਕਰਨ ਦੀ ਬਜਾਏ ਸੰਘਰਸ਼ਸ਼ੀਲ ਅਵਾਮ ਦਾ ਸਿਰੜ, ਸਿਦਕ ਅਤੇ ਸਬਰ ਪਰਖਣ ਦੀ ਬਦਨੀਅਤ ਸਾਫ ਨਜ਼ਰ ਆ ਰਹੀ ਹੈ।