ਵੀਹ ਬੰਦਿਆਂ ਦੀ ਬਰਾਤ 'ਚ, 21ਵੀਂ ਕਿੱਥੇ ਰੱਖੀਏ (ਵਿਅੰਗ)

ਕੋਰੋਨਾ ਨੂੰ ਵੀ ਵੈਸੇ ਸ਼ਰਮ ਹੈ ਨਹੀਂ, ਕਿਉਂਕਿ ਇਹ ਬਿਨ੍ਹਾਂ ਬੁਲਾਇਆ ਵਿਆਹ ਸਮਾਗਮਾਂ ਵਿੱਚ ਵੀ ਬਿਨ੍ਹਾਂ ਢੋਲ ਤੋਂ ਭੰਗੜਾ ਪਾ ਕੇ ਬਰਾਤੀ ਭਜਾਈ ਤੁਰੀ ਜਾ ਰਿਹੈ। ਕਹਿੰਦੇ ਨੇ ਸਰਕਾਰ ਦਾ ਹੁਕਮ ਐ, ਕਿ 20 ਬੰਦਿਆਂ ਤੋਂ ਵੱਧ ਬਰਾਤ ਨਹੀਂ ਹੋਣੀ ਚਾਹੀਦੀ, ਪਰ ਹੁਕਮ ਜਾਰੀ ਕਰਨ ਵਾਲਿਆਂ ਨੇ ਇਹ ਧਿਆਨ ਨਹੀਂ ਮਾਰਿਆ, ਕਿ ਜਾਂਦੀ ਬਰਾਤ ਤਾਂ 20 ਬੰਦਿਆਂ ਦੀ ਹੁੰਦੀ ਐ, ਪਰ ਮੁੜਦੀ 21 ਜਣਿਆਂ ਨਾਲ ਐਂ। ਹੁਣ 21ਵੀਂ ਨਾਲ ਆ ਰਹੀ ਨੂੰਹ ਰਾਣੀ ਨੂੰ ਕਿੱਥੇ ਲਕੋਈਏ? ਕੋਰੋਨਾ ਵੀ ਮਰ ਜਾਣਾ ਖ਼ੌਫ਼ ਪਾਈ ਫ਼ਿਰਦੈ, ਅਖ਼ੇ ਭੋਗ 'ਤੇ ਵੀ ਜਾਣੈ ਮੈਂ।

ਮਰਿਆ ਦੇ ਭੋਗ 'ਤੇ ਲੰਗਰ ਪਾਣੀ ਤਾਂ ਕੋਰੋਨਾ ਛਕ ਰਿਹਾ ਐ, ਪਰ ਲੋਕਾਂ ਨੂੰ ਮਰਗ 'ਤੇ ਅਫ਼ਸੋਸ ਕਰਨ ਤੋਂ ਗੁਰੇਜ਼ ਕਰਨ ਨੂੰ ਆਖ ਰਿਹੈ। ਪਹਿਲੀ ਵਾਰੀ ਵੇਖਿਆ ਏਨਾ ਬੇਸ਼ਰਮ ਕੋਰੋਨਾ, ਜਿਹਨੂੰ ਚੋਣਾਂ, ਰੈਲੀਆਂ ਅਤੇ ਅੰਦੋਲਨ ਵਿੱਚ ਜਾਣ ਤੋਂ ਡਰ ਲੱਗਦੈ, ਪਰ ਵਿਆਹ ਅਤੇ ਭੋਗ ਦੇ ਸਮਾਗਮਾਂ ਵਿੱਚ ਭੂਤਰੇ ਸਾਨ ਵਾਂਗੂ ਘੁੰਮ ਰਿਹੈ। ਸਕੂਲਾਂ ਦੇ ਮਾਸਟਰਾਂ ਅਤੇ ਮੈਡਮਾਂ ਨੇ ਕੋਰੋਨਾ ਨੂੰ ਪੂਛ ਤੋਂ ਫੜ੍ਹ ਕੇ ਕੰਧੋਂ ਬਾਹਰ ਸੁੱਟ ਮਾਰਿਐ, ਤਾਂ ਜੋ ਉਨ੍ਹਾਂ ਨੂੰ ਕੋਰੋਨਾ ਕੁੱਝ ਨਾ ਆਖੇ।

ਸਰਕਾਰ ਨੇ ਕੋਰੋਨਾ ਨੂੰ ਸਕੂਲਾਂ ਦੇ ਅੰਦਰ ਰਹਿਣ ਦਾ ਹੁਕਮ ਦਿੱਤਾ ਸੀ ਤਾਂ, ਜੋ ਜਵਾਕਾਂ ਦੀ ਪੜ੍ਹਾਈ ਪ੍ਰਭਾਵਿਤ ਕੀਤੀ ਜਾ ਸਕੇ, ਪਰ ਕੋਰੋਨਾ ਬਾਹਰ ਭੂਤਰੀ ਜਾ ਰਿਹੈ। ਮੁਲਕ ਦੇ 5 ਸੂਬਿਆਂ ਵਿੱਚ ਇਸ ਵੇਲੇ ਚੋਣਾਂ ਨਾਲ ਕਾਫ਼ੀ ਗਹਿਮੋ ਗਹਿਮ ਦਾ ਮਾਹੌਲ ਬਣਿਆ ਪਿਆ ਐ, ਪਰ ਕੋਰੋਨਾ ਦਾ ਨਾਮੋ ਨਿਸ਼ਾਨ ਮਿੱਟ ਚੁੱਕਿਆ ਐ। ਇਸੇ ਸਾਲ ਹੀ ਪੰਜਾਬ ਵਿੱਚ ਨਗਰ ਪੰਚਾਇਤ, ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਕੋਰੋਨਾ ਗਾਇਬ ਸੀ। ਕੋਰੋਨਾ ਨੂੰ ਲੀਡਰਾਂ ਨੇ ਰੈਲੀਆਂ ਵਿੱਚ ਮਧੋਲ ਮਾਰਿਆ। ਲੋਕਾਂ ਨੇ ਪੈਰਾਂ ਹੇਠਾਂ ਕੋਰੋਨਾ ਨੂੰ ਮਾਰ ਸੁੱਟਿਆ।

ਏਨੀ ਬੇਇਜਤੀ ਤਾਂ ਕੋਈ ਕਿਸੇ ਸ਼ਰੀਕ ਦੀ ਨਹੀਂ ਕਰਦਾ, ਜਿੰਨੀ ਸਾਡੇ ਆਲਿਆਂ ਨੇ ਕੋਰੋਨਾ ਦੀ ਕੀਤੀ ਐ। ਐਨਾਂ ਮਜ਼ਾਕ! ਇੱਕ ਭੱਦਰ ਪੁਰਸ਼ ਨੇ ਪ੍ਰਧਾਨ ਸੇਵਕ ਨੂੰ ਅਪੀਲ ਕਰੀ, ਕਿ ਸਾਹਿਬ ਕੋਰੋਨਾ ਵੈਕਸੀਨ 'ਤੇ ਫ਼ਾਲਤੂ ਪੈਸਾ ਖ਼ਰਚਿਆ ਜਾ ਰਿਹੈ। 5 ਰਾਜਾਂ ਵਿੱਚ ਚੋਣਾਂ ਕਰਵਾ ਕੇ, ਤੁਸੀਂ ਵੈਕਸੀਨ ਦੀ ਮੰਗ ਘਟਾ ਮਾਰੀ, ਸੂਬਿਆਂ ਵਿੱਚੋਂ ਕੋਰੋਨਾ ਨੂੰ ਖ਼ਤਮ ਕਰ ਦਿੱਤਾ।