ਮੋਤੀ ਮਹਿਲ ਵੱਲ ਵਧਦੇ ਅੰਦੋਲਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਸੰਘਰਸ਼ ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ 'ਤੇ ਦਿਨ ਰਾਤ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਵਰਗ ਨੇ ਵੀ ਕੈਪਟਨ ਹਕੂਮਤ ਦੇ ਵਿਰੁੱਧ ਮੋਰਚਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਸਰਕਾਰ ਨੇ ਕੋਰੋਨਾ ਦਾ ਬਹਾਨਾ ਬਣਾ ਕੇ, ਜਿੱਥੇ ਪਹਿਲੋਂ ਸਕੂਲ ਬੰਦ ਕੀਤੇ ਸਨ, ਉੱਥੇ ਹੀ ਹੁਣ ਹੋਰ ਵਿਭਾਗ ਵੀ ਸਰਕਾਰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਵਿਰੋਧ ਵਿੱਚ ਅਤੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਵਾਸਤੇ ਪੰਜਾਬ ਤੇ ਯੂ. ਟੀ. ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੋਰਚਾ ਸ਼ੁਰੂ ਕਰਨ ਦੀ ਤਿਆਰੀ ਵਿੱਢ ਲਈ ਹੈ। 

'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਪੰਜਾਬ ਤੇ ਯੂ ਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਅਤੇ ਸੱਜਣ ਸਿੰਘ ਕਿਹਾ ਕਿ ਹੱਕੀ ਮੰਗਾਂ ਦੀ ਪ੍ਰਾਪਤੀ ਲਈ 16 ਅਪ੍ਰੈਲ ਨੂੰ ਪਟਿਆਲੇ ਅਤੇ 27 ਅਪ੍ਰੈਲ ਨੂੰ ਜਲੰਧਰ ਜੋਨਲ ਰੈਲੀਆਂ ਹਰ ਹੀਲੇ ਕੀਤੀਆਂ ਜਾਣਗੀਆਂ।  ਇਸ ਮਗਰੋਂ 4 ਮਈ ਨੂੰ ਮੰਗਾਂ ਮੰਨਣ ਅਤੇ ਲਾਗੂ ਕਰਨ ਤੱਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਪੱਕਾ ਮੋਰਚਾ ਵੀ ਲਾਇਆ ਜਾਵੇਗਾ। 

ਨਾਲ ਹੀ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆ ਦੱਸਿਆ ਕਿਹਾ ਕਿ ਜੇ ਸਰਕਾਰ ਨੇ ਇਨ੍ਹਾਂ ਐਕਸ਼ਨਾਂ ਵਿੱਚ ਕੋਈ ਰੁਕਾਵਟ ਪਾਈ ਤਾਂ ਫਰੰਟ ਸੜਕਾਂ ਜਾਮ ਵੀ ਕਰੇਗਾ। ਕਨਵੀਨਰਾਂ ਅਨੁਸਾਰ ਸਰਕਾਰ ਨੂੰ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਜੇ ਸਚਮੁੱਚ ਹੀ ਲੋਕਾਂ ਦੀ ਸਿਹਤ ਦਾ ਭੋਰਾ ਭਰ ਵੀ ਫਿਕਰ ਹੈ ਤਾਂ ਫਰੰਟ ਨਾਲ ਮੀਟਿੰਗ ਕਰਕੇ ਮੰਗਾਂ ਦਾ ਤੁਰੰਤ ਨਿਪਟਾਰਾ ਕਰੇ। 

ਸਰਕਾਰ ਕੱਚੇ ਮੁਲਾਜਮਾਂ ਨੂੰ ਆਰਥਿਕ ਤੌਰ ਉੱਤੇ ਤੰਗ ਕਰਕੇ ਅਤੇ ਬੇਰੁਜਗਾਰਾਂ ਨੂੰ ਭੁੱਖੇ ਰੱਖ ਕੇ ਮਰਨ ਲਈ ਮਜ਼ਬੂਰ ਕਰ ਰਹੀ ਹੈ। ਜਿਸ ਕਰਕੇ ਅੱਜ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਦੀ ਪ੍ਰਮੁੱਖ ਤਰਜੀਹੀ ਲੋੜ ਬਣ ਗਈ ਹੈ, ਕਿ ਉਹ ਜਨਤਕ ਖੇਤਰ ਦੇ ਅਦਾਰਿਆਂ ਨੂੰ ਬਚਾਉਣ ਅਤੇ ਆਪਣੀਆਂ ਆਰਥਿਕ ਮੰਗਾਂ ਦੀ ਪ੍ਰਾਪਤੀ ਲਈ ਕੋਰੋਨਾ ਦੇ ਨਾਲ ਨਾਲ ਸਰਕਾਰ ਦੀ ਹੱਠ-ਧਰਮੀ ਖਿਲਾਫ਼ ਵੀ ਸੰਘਰਸ਼ੀ ਪਿੜ ਮੱਲਣ।