ਵਿੱਦਿਅਕ ਸੰਸਥਾ ਨੂੰ ਬਚਾਉਣ ਲਈ ਅਵਾਮ ਦਾ ਮੋਰਚਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਸਰਕਾਰ ਦੁਆਰਾ ਸੱਤਾ ਵਿੱਚ ਆਉਣ ਤੋਂ ਪਹਿਲੋਂ ਵਾਅਦੇ ਕੀਤੇ ਗਏ ਸਨ ਕਿ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ, ਨਵੀਆਂ ਵਿੱਦਿਅਕ ਸੰਸਥਾਵਾਂ ਖੋਲ੍ਹੀਆਂ ਜਾਣਗੀਆਂ, ਅਧਿਆਪਕ ਭਰਤੀ ਕੀਤੇ ਜਾਣਗੇ ਅਤੇ ਸਕੂਲਾਂ, ਕਾਲਜਾਂ ਦੀ ਨੁਹਾਰ ਬਦਲੀ ਜਾਵੇਗੀ। ਪਰ ਸਰਕਾਰ ਦੇ ਵਾਅਦੇ ਅਤੇ ਦਾਅਵੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਕਿਉਂਕਿ ਸਰਕਾਰ ਵਿੱਦਿਅਕ ਅਦਾਰੇ ਖੁੱਲ੍ਹਵਾਉਣ ਦੀ ਬਿਜਾਏ, ਵਿੱਦਿਅਕ ਅਦਾਰਿਆਂ ਨੂੰ ਤਾਲੇ ਲਗਾਉਣ 'ਤੇ ਜ਼ੋਰ ਦੇ ਰਹੀ ਹੈ। 

ਖ਼ਬਰਾਂ ਦੀ ਮੰਨੀਏ ਤਾਂ, ਫ਼ਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਖੇਤੀਬਾੜੀ ਕੋਰਸ ਨੂੰ ਬਚਾਉਣ ਲਈ ਪਿਛਲੇ ਮਹੀਨੇ ਦੇ ਅਖੀਰਲੇ ਹਫ਼ਤੇ ਤੋਂ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਅੱਧੇ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਕਾਲਜ ਦੇ ਬਾਹਰ ਵਿਦਿਆਰਥੀਆਂ ਨੂੰ ਧਰਨੇ 'ਤੇ ਬੈਠਿਆ, ਪਰ ਹੁਣ ਤੱਕ ਕਿਸੇ ਪਾਸਿਓਂ ਵੀ ਖੇਤੀਬਾੜੀ ਕੋਰਸ ਨੂੰ ਬਚਾਉਣ ਦੇ ਲਈ ਕੋਈ ਵੀ ਸਰਕਾਰ ਦਾ ਨੁਮਾਇੰਦਾ ਇਨ੍ਹਾਂ ਸੰਘਰਸ਼ੀ ਵਿਦਿਆਰਥੀ ਤੱਕ ਨਹੀਂ ਪੁੱਜਿਆ। 

ਜਾਣਕਾਰੀ ਮੁਤਾਬਿਕ, 1982 ਤੋਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀਆਂ ਕੋਸ਼ਿਸ਼ਾਂ ਨਾਲ 50 ਸੀਟਾਂ ਤੋਂ ਇਹ ਕਾਲਜ ਸ਼ੁਰੂ ਹੋਇਆ ਸੀ। ਹੁਣ ਐਗਰੀਕਲਚਰ ਰਿਸਰਚ ਕੌਸਲ ਨੇ ਲੋੜ ਮੁਤਾਬਿਕ ਖੇਤੀ ਫਾਰਮ, ਫੈਕਲਟੀ ਅਤੇ ਲੈਬਾਟਰੀ ਸਹੂਲਤ ਨਾ ਹੋਣ ਦਾ ਇਤਰਾਜ ਲਗਾ ਕੇ ਐਡਮੀਸ਼ਨ 'ਤੇ ਰੋਕ ਲਾ ਦਿੱਤੀ ਹੈ, ਜਿਸ ਕਾਰਨ ਮਈ ਤੋਂ ਪਹਿਲੇ ਸਮੈਸਟਰ ਦੀ ਐਡਮੀਸ਼ਨ ਹੋਣ ਬਾਰੇ ਬੇਯਕੀਨੀ ਬਣੀ ਹੋਈ ਹੈ। 

ਜਾਣਕਾਰਾਂ ਮੁਤਾਬਿਕ ਖੇਤੀਬਾੜੀ ਯੂਨੀਵਰਸਿਟੀ ਦਾ ਬੀੜ ਸਿੱਖਾਂ ਵਾਲਾ ਦੇ ਖੇਤੀ ਖੋਜ ਕੇਂਦਰ ਦੀ 150 ਏਕੜ ਦੀ ਵਾਹਕ  ਜ਼ਮੀਨ ਕਾਲਜ ਨੂੰ ਵਰਤਣ ਦੀ ਇਜਾਜਤ ਮਿਲ ਗਈ। ਹੁਣ ਸਮੱਸਿਆ ਫੈਕਲਟੀ ਪੂਰੀ ਕਰਨ ਤੇ ਲੈਬ. ਅਪਡੇਟ ਕਰਨ ਦੀ ਹੀ ਹੈ। ਜਾਣਕਾਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਫੈਕਲਟੀ ਦੀ ਸਮੱਸਿਆ ਵੀ ਰਿਟਾਇਰਡ ਫੈਕਲਟੀ ਮੁੜ ਰੱਖ ਕੇ ਅਤੇ ਲੈਬਾਂ. ਅਪਗ੍ਰੇਡ ਕਰਕੇ ਕਾਲਜ ਬਚਾਇਆ ਜਾ ਸਕਦਾ ਹੈ।