ਕਿਸਾਨੀ ਸੰਘਰਸ਼: ਜਿੱਤ ਦੇ ਮੋੜ ਵੱਲ ਵਧਦੇ ਅੰਦੋਲਨ ਵਿੱਚ ਹਮਾਇਤੀ ਵਧੇ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਬਰੂੰਹਾਂ 'ਤੇ ਲੰਘੇ ਕਰੀਬ ਸਾਢੇ ਚਾਰ ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਦਿਨ ਰਾਤ ਜਾਰੀ ਹੈ। ਕਿਸਾਨਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਸਰਕਾਰ ਦਾ ਰਵੱਈਆ ਹੁਣ ਤੱਕ ਨਾ ਪੱਖੀ ਰਿਹਾ ਹੈ। ਕਿਸਾਨਾਂ ਦੇ ਨਾਲ ਹੁਣ ਤੱਕ 11 ਮੀਟਿੰਗਾਂ ਵੀ ਸਰਕਾਰ ਵੱਲੋਂ ਕਰ ਲਈਆਂ ਗਈਆਂ ਹਨ, ਪਰ ਉਕਤ ਮੀਟਿੰਗਾਂ ਬੇਸਿੱਟਾ ਰਹੀਆਂ ਹਨ, ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਸਰਕਾਰ ਪ੍ਰਤੀ ਭਾਰੀ ਰੋਹ ਵੱਧ ਗਿਆ ਹੈ। 

ਦੱਸਦੇ ਚੱਲੀਏ ਕਿ ਇੱਕ ਪਾਸੇ ਤਾਂ, ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ, ਦੂਜੇ ਪਾਸੇ ਕਿਸਾਨਾਂ ਨੂੰ ਮਹਾਨ ਬਾਲੀਵੁੱਡ ਅਦਾਕਾਰਾ, ਕਲਾਕਾਰਾਂ ਆਦਿ ਦੀ ਹਮਾਇਤ ਮਿਲ ਰਹੀ ਹੈ। ਕਿਰਤੀ ਕਿਸਾਨ ਤਾਂ ਪਹਿਲੋਂ ਹੀ ਮੋਰਚੇ ਵਿੱਚ ਡਟੇ ਹੋਏ ਹਨ। ਪਰ ਹੁਣ ਖ਼ਬਰ ਆਈ ਹੈ ਕਿ, ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਬਹੁਤ ਸਾਰੀਆਂ ਮੁਲਾਜਮ ਜਥੇਬੰਦੀਆਂ ਵੀ ਨਿੱਤਰੀਆਂ ਹਨ, ਜਿਨ੍ਹਾਂ ਵੱਲੋਂ ਮੁਲਾਜਮਾਂ ਦੇ ਕਾਫ਼ਲੇ ਦਿੱਲੀ ਰਵਾਨਾ ਕੀਤੇ ਜਾ ਰਹੇ ਹਨ। 

ਵਧੇਰੇ ਜਾਣਕਾਰੀ ਦਿੰਦਿਆਂ ਹੋਇਆ, ਡੀ.ਐੱਮ.ਐੱਫ ਦੇ ਆਗੂਆਂ ਗੁਰਬਖਸੀਸ ਬਰਾੜ (ਸਾਬਕਾ ਜਰਨਲ ਸਕੱਤਰ  ਡੀ ਟੀ ਐੱਫ ਪੰਜਾਬ) ਨੇ ਦੱਸਿਆ ਕਿ ਸੰਯੁਕਤ ਕਿਸਨ ਮੋਰਚੇ ਦੀ ਅਗਵਾਈ ਹੇਠ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲੀ ਵਾਲਾ ਆਰਡੀਨੈਂਸ ਵਾਪਸ ਕਰਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਮੁਲਕ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ (ਸਿੰਘੂ, ਟਿੱਕਰੀ, ਗਾਜੀਪੁਰ) ਬਾਰਡਰਾਂ ਉੱਪਰ 26 ਨਵੰਬਰ ਤੋਂ ਡਟਿਆ ਹੋਇਆ ਹੈ। 

ਪਰ ਭਾਜਪਾ ਦੀ ਅਗਵਾਈ ਵਾਲੀ ਮੁਲਕ ਦੀ ਮੋਦੀ-ਸ਼ਾਹ ਦੀ ਹਕੂਮਤ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਥਾਂ ਤਰ੍ਹਾਂ-ਤਰ੍ਹਾਂ ਦੀਆਂ ਸਾਜਿਸ਼ਾਂ ਰਚਣ ਵਿੱਚ ਮਸ਼ਰੂਫ ਹੈ। ਹਰ ਆਏ ਦਿਨ ਕੋਈ ਨਾਂ ਕੋਈ ਨਵੀਂ ਕਿਸਮ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਸਭ ਕੁੱਝ ਦੇ ਬਾਵਜੂਦ ਕਿਸਾਨ/ਲੋਕ ਸੰਘਰਸ਼ ਵਿਸ਼ਾਲ ਹਿੱਸਿਆਂ ਦੀ ਹਮਾਇਤ ਹਾਸਲ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ, ਇਹ ਮੋਰਚਾ ਉਦੋਂ ਤੱਕ ਚਲਦਾ ਰਹੇਗਾ, ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ।