ਕੀ ਕਾਂਗਰਸ ਕਿਸਾਨਾਂ ਨਾਲ ਜਾਂ ਫਿਰ... (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀ ਫ਼ਸਲ ਦੀ ਅਦਾਇੰਗੀ ਸਿੱਧੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ 'ਤੇ ਪਿਛਲੇ ਦਿਨੀਂ ਮੋਹਰ ਵੀ ਲੱਗ ਗਈ। ਪੰਜਾਬ ਦੇ ਮੰਤਰੀ ਕੇਂਦਰ ਦੀ ਮੀਟਿੰਗ ਵਿੱਚ ਸ਼ਾਮਲ ਵੀ ਹੋਏ, ਪਰ ਉਹ ਖ਼ਾਲੀ ਹੱਥ ਪੰਜਾਬ ਪਰਤੇ ਅਤੇ ਕਹਿ ਦਿੱਤਾ ਕਿ, ਅਸੀਂ ਕੇਂਦਰ ਦੇ ਫ਼ੈਸਲੇ ਨੂੰ ਪੰਜਾਬ ਵਿੱਚ ਲਾਗੂ ਕਰਾਂਵਾਂਗੇ। 

ਫ਼ਸਲਾਂ ਦੀ ਸਿੱਧੀ ਅਦਾਇੰਗੀ ਕਿਸਾਨਾਂ ਦੇ ਖ਼ਾਤਿਆਂ ਵਿੱਚ ਪਾਉਣ ਨੂੰ ਲੈ ਕੇ, ਹਾਲੇ ਆੜ੍ਹਤੀਏ ਅਤੇ ਪੰਜਾਬ ਸਰਕਾਰ ਵਿਚਾਲੇ ਬਹਿਸ ਚੱਲ ਰਹੀ ਹੈ ਅਤੇ ਇਸੇ ਦੇ ਨਾਲ ਹੀ ਕੇਂਦਰ ਸਰਕਾਰ ਨੇ ਕਪਾਹ ਦੇ ਬੀਜ਼, ਖ਼ਾਦ ਦਵਾਈ ਦੇ ਭਾਅ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਸਿੱਧੀ ਅਦਾਇੰਗੀ ਕਰਨ ਸਬੰਧੀ ਤਾਂ ਕੇਂਦਰ ਅੱਗੇ ਝੁਕ ਆਈ ਹੈ, ਪਰ ਖ਼ਾਦ ਦਵਾਈ ਅਤੇ ਕਪਾਹ ਦੇ ਬੀਜ ਦੇ ਭਾਅ ਵਿੱਚ ਹੋਏ ਵਾਧੇ ਖ਼ਿਲਾਫ ਬੋਲ ਰਹੀ ਹੈ। 

ਹੁਣ ਸਮਝ ਨਹੀਂ ਆ ਰਹੀ ਕਿ ਕਾਂਗਰਸ ਕਿਸਾਨਾਂ ਦੇ ਨਾਲ ਹੈ ਜਾਂ ਫਿਰ ਕੇਂਦਰ ਦੇ ਨਾਲ ਹੈ। ਕਿਉਂਕਿ ਇੱਕ ਪਾਸੇ ਤਾਂ ਕੇਂਦਰ ਦੇ ਫ਼ੈਸਲੇ ਦਾ ਸਮਰਥਨ ਕਰ ਰਹੀ ਹੈ, ਪਰ ਦੂਜੇ ਪਾਸੇ ਖ਼ਾਦ ਦਵਾਈਆਂ ਅਤੇ ਕਪਾਹ ਦੇ ਬੀਜ਼ ਦੇ ਭਾਅ ਵਿੱਚ ਹੋਏ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ। ਦਰਅਸਲ, ਖਾਦਾਂ, ਬੀ. ਟੀ. ਕਪਾਹ ਬੀਜ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਲੰਮੇ ਹੱਥੀਂ ਲਿਆ ਹੈ। 

ਸੋਸ਼ਲ ਮੀਡੀਆ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਡੀਜ਼ਲ ਨੂੰ ਡੀ-ਰੈਗੂਲੇਟ ਕਰਨਾ ਅਤੇ ਹੁਣ ਖਾਦਾਂ ਅਤੇ ਬੀਜਾਂ ਦੀਆਂ ਕੀਮਤਾਂ ਵਿਚ ਵਾਧਾ ਕੇਂਦਰ ਸਰਕਾਰ ਦੇ ਉਸ ਨਾਪਾਕ ਡਿਜ਼ਾਈਨ ਦਾ ਹਿੱਸਾ ਹੈ, ਜਿਸ ਜ਼ਰੀਏ ਕਿਸਾਨਾਂ ਦੀ ਆਮਦਨ ਨੂੰ ਨਸ਼ਟ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਤੋਂ ਵਾਂਝੇ ਕਰਕੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।