ਰਾਜੇ ਦੇ ਫ਼ਰਮਾਨ ਤੋਂ ਬਾਗ਼ੀ ਹੋਈ ਅਵਾਮ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦਾ ਕਹਿ ਕੇ ਪੰਜਾਬ ਸਰਕਾਰ ਵੱਲੋਂ ਲੰਘੇ ਮਹੀਨੇ ਸਕੂਲਾਂ ਕਾਲਜਾਂ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਸੀ। ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਕੂਲ ਸਿਰਫ਼ ਬੱਚਿਆਂ ਵਾਸਤੇ ਬੰਦ ਕਰਨ ਦਾ ਹੁਕਮ ਸੀ, ਜਦੋਂਕਿ ਅਧਿਆਪਕਾਂ ਦੀ ਹਾਜ਼ਰੀ ਪਹਿਲੋਂ ਵਾਂਗ ਹੀ ਯਕੀਨੀ ਬਣਾਉਣ ਦਾ ਆਰਡਰ ਸੀ। ਅਧਿਆਪਕ ਇੰਨਾਂ ਦਿਨਾਂ ਵਿੱਚ ਵੀ ਸਕੂਲਾਂ ਅੰਦਰ ਹਾਜ਼ਰ ਰਹਿ ਰਹੇ ਹਨ। 

ਪਰ, ਸੁੰਨਸਾਨ ਸਕੂਲ ਨੂੰ ਪੜ੍ਹਾ ਰਹੇ ਨੇ। ਆਨਲਾਈਨ ਕਲਾਸਾਂ ਤਾਂ ਵੈਸੇ ਅਧਿਆਪਕ ਘਰਾਂ ਵਿੱਚ ਵੀ ਲਗਾ ਰਹੇ ਸਨ, ਪਰ ਸਕੂਲਾਂ ਦੇ ਅੰਦਰ ਬੁਲਾ ਕੇ, ਪਤਾ ਨਹੀਂ ਸਰਕਾਰ ਕਿਹੜਾ ਚੰਦ ਚਾੜਣਾ ਚਾਹੁੰਦੀ ਐ? ਖ਼ੈਰ, ਕੈਪਟਨ ਸਰਕਾਰ ਦਾ ਹੁਕਮ ਸੀ ਕਿ ਸਕੂਲਾਂ ਕਾਲਜਾਂ ਨੂੰ ਉਦੋਂ ਤੱਕ ਬੰਦ ਰੱਖਿਆ ਜਾਵੇਗਾ, ਜਦੋਂ ਤੱਕ ਕੋਰੋਨਾ ਵਾਇਰਸ ਖ਼ਤਮ ਨਹੀਂ ਹੋ ਜਾਂਦਾ। ਪਰ ਕੈਪਟਨ ਦੇ ਇਸ ਹੁਕਮ ਤੋਂ ਬਾਗੀ ਹੋਏ, ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦਾ ਐਲਾਨ ਕਰ ਦਿੱਤਾ ਹੈ।

ਜਾਣਕਾਰੀ ਦੇ ਮੁਤਾਬਿਕ, ਅੱਜ ਤੜਕ ਸਵੇਰੇ ਫ਼ਰੀਕਕੋਟ ਤੋਂ ਖ਼ਬਰ ਆਈ ਕਿ, ਫ਼ਰੀਦਕੋਟ ਵਿੱਚ ਸਕੂਲ ਬੰਦ ਦੇ ਰੋਸ ਵਜੋਂ ਮਾਪਿਆਂ ਅਤੇ ਬੱਚਿਆਂ ਨੇ ਨਵਾਂ ਕਦਮ ਚੁੱਕਿਆ। ਸ਼ਰਾਬ ਠੇਕੇ ਦੇ ਅੱਗੇ ਮਾਪਿਆਂ ਅਤੇ ਬੱਚਿਆਂ ਨਾਲ ਰਲ ਕੇ ਧਰਨਾ ਲਾਇਆ ਗਿਆ ਅਤੇ ਬੱਚਿਆਂ ਦੀ ਪੜ੍ਹਾਈ ਲਈ ਕਲਾਸ ਲਗਾਈ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਕਾਲਜ ਬੰਦ ਹੋਣ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। 

ਉਨ੍ਹਾਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਜਲਦ ਸਕੂਲ ਨਹੀਂ ਖੋਲ੍ਹੇਗੀ ਤਾਂ ਉਨ੍ਹਾਂ ਵੱਲੋਂ ਫਰੀਦਕੋਟ ਦੇ ਹਰੇਕ ਠੇਕੇ ਅੱਗੇ ਕਲਾਸਾਂ ਲਾਈਆਂ ਜਾਣਗੀਆਂ ਤੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਤਰ੍ਹਾ ਹੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਬੱਚਿਆਂ ਨੂੰ ਪੜ੍ਹਾਈ ਸਕੂਲਾਂ ਵਿੱਚ ਭੇਜਣ ਦਾ ਫ਼ੈਸਲਾ ਕਰ ਲਿਆ ਹੈ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਬੱਚੇ ਘਰ ਰਹਿ ਕੇ ਮਾਨਸਿਕ ਅਤੇ ਸ਼ਰੀਰਕ ਤੌਰ 'ਤੇ ਬਿਮਾਰ ਹੋ ਰਹੇ ਹਨ। ਅਸੀਂ ਸਕੂਲਾਂ ਨੂੰ ਫੀਸਾਂ ਦੇ ਰਹੇ ਹਾਂ, ਫੇਰ ਅਸੀਂ ਬੱਚਿਆਂ ਨੂੰ ਘਰੇ ਕਿਉਂ ਬਿਠਾਈਏ?