ਐਨਾ ਬੇਸ਼ਰਮ ਕੋਰੋਨਾ!! (ਵਿਅੰਗ)

ਕੋਰੋਨਾ ਡਰ ਗਿਆ ਐ, ਲੀਡਰਾਂ ਦੀ ਚੋਣ ਰੈਲੀ ਤੋਂ..! ਚੋਣਾਂ ਤੋਂ ਡਰ ਗਿਆ ਐ ਕੋਰੋਨਾ..! ਅੰਦੋਲਨ ਤੋਂ ਤਾਂ ਇੰਝ ਡਰਿਆ ਕੋਰੋਨਾ, ਜਿਵੇਂ ਅੰਦੋਲਨ ਨੇ ਕੋਰੋਨਾ ਨੂੰ ਗਾਲ੍ਹਾਂ ਕੱਢੀਆਂ ਹੋਣ। ਕੋਰੋਨਾ 'ਤੇ ਕੋਰੋਨਾ ਚੜ੍ਹੀ ਜਾ ਰਿਹੈ, ਵੈਕਸੀਨ 'ਤੇ ਵੈਕਸੀਨ ਚੜ੍ਹਾਈ ਜਾ ਰਹੀ ਐ, ਪਰ ਕੇਸ ਫਿਰ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੇ। ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਇੰਝ ਪ੍ਰਭਾਵਿਤ ਕਰਵਾਈ ਗਈ ਹੈ।

ਜਿਵੇਂ ਸਕੂਲਾਂ ਨੂੰ ਤਾਲੇ ਮਾਰ ਕੇ, ਧਾਰਮਿਕ ਸਥਾਨਾਂ ਅਤੇ ਠੇਕਿਆਂ ਤੋਂ ਹੀ ਨਿਆਣਿਆਂ ਨੂੰ ਡਿਗਰੀਆਂ ਦੇਣੀਆਂ ਹੋਣ। ਸਾਰੇ ਧਾਰਮਿਕ ਸਥਾਨ ਖੁੱਲ੍ਹੇ ਨੇ, ਸ਼ਰਾਬ ਦੇ ਠੇਕੇ ਖੁੱਲ੍ਹੇ ਨੇ, ਚੋਣਾਂ ਦੀ ਗਚਾ-ਗਚ ਭੀੜ ਐ, ਪਰ ਕੋਰੋਨਾ ਦੀ ਕੀ ਮਜ਼ਾਲ, ਉਹ ਇੱਥੇ ਖੰਘ ਜਾਵੇ। ਕੋਰੋਨਾ ਤਾਂ ਸਕੂਲਾਂ, ਕਾਲਜਾਂ ਵਿੱਚ ਵੜ੍ਹਦੈ, ਜਿੱਥੇ ਮਾਸੂਮਾਂ ਦਾ ਭਵਿੱਖ ਬਣਦੈ। ਕੋਰੋਨਾ ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਅਤੇ ਵਿਦਿਆਰਥੀਆਂ ਦਾ ਦੁਸ਼ਮਣ ਐ। 

ਕੋਰੋਨਾ ਨੂੰ ਖ਼ਤਮ ਕਰਨ ਲਈ ਵੈਸਕੀਨ ਲਿਆਂਦੀ ਹੈ, ਪ੍ਰਧਾਨ ਸੇਵਕ ਨੇ, ਪਰ ਉਹਦਾ ਜਾਦੂ ਚੱਲ ਨਹੀਂ ਰਿਹਾ। ਕਰਫ਼ਿਊ ਲਾਕਡਾਊਨ ਲਗਾ ਦਿੱਤਾ ਗਿਆ ਐ, ਪਰ ਕੋਰੋਨਾ ਕਹਿੰਦਾ ਮੈਂ ਨਹੀਂ ਜਾਣਾ, ਜੋ ਮਰਜ਼ੀ ਹੋ ਜੇ। ਕੋਰੋਨਾ ਤਾਂ ਰੁੱਸੀ ਬੁੜੀ ਵਾਂਗੂ, ਰੁੱਸ ਕੇ ਬਹਿ ਗਿਆ ਐ। ਹੁਣ ਇਹਦਾ ਘਰ ਵਾਲਾ ਕੌਣ ਐ, ਜਿਹਨੂੰ ਆਖੀਏ ਕਿ, ਭਾਈ ਆਵਦੀ ਜਨਾਨੀ ਨੂੰ ਲੈ ਜਾ ਆ ਕੇ! ਕਈ ਆਲੋਚਕ ਜਿਨ੍ਹਾਂ ਨੂੰ ਸਰਕਾਰ ਦੀ ਗੱਲ ਤਾਂ ਚੰਗੀ ਨਹੀਂ ਲੱਗਦੀ, ਉਹ ਕੋਰੋਨਾ ਨੂੰ ਸਰਕਾਰ ਦਾ ਸਾਉ ਪੁੱਤ ਬਣਾਈ ਜਾਂਦੇ ਨੇ। 

ਆਹ, ਪਿਛਲੇ ਦਿਨੀਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਕਿ, ਕੋਰੋਨਾ ਤਾਂ ਕੇਂਦਰ ਦਾ ਸਾਉ ਪੁੱਤ ਐ, ਤਾਂ ਹੀ ਕੋਰੋਨਾ ਭਾਜਪਾਈਆਂ ਨੂੰ ਕੁੱਝ ਨਹੀਂ ਕਹਿੰਦਾ। ਕੋਰੋਨਾ ਕਾਂਗਰਸ ਨੂੰ ਵੀ ਕੁੱਝ ਨਹੀਂ ਕਹਿੰਦਾ, ਇਨ੍ਹਾਂ ਦੀਆਂ ਵੀ ਰੈਲੀਆਂ ਵਿੱਚੋਂ ਗਾਇਬ ਹੋ ਜਾਂਦੇ। ਹੋਰ ਸੁਣੋ, ਕੋਰੋਨਾ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਦੀਆਂ ਚੋਣ ਰੈਲੀਆਂ ਵਿੱਚੋਂ ਕੋਰੋਨਾ ਮੁਕਤੀ ਪਾ ਚੁੱਕਿਆ ਐ।