ਚੋਣਾਂ ਤੋਂ ਪਹਿਲੋਂ ਪੰਜਾਬ ਵਿੱਚ ਘਟਣਗੇ ਬਿਜਲੀ ਰੇਟ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 08 2021 15:28
Reading time: 1 min, 24 secs

ਅੱਜ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਤੇਜ਼ ਕਰਦਿਆਂ ਹੋਇਆ, ਬਿਜਲੀ ਬਿੱਲਾਂ ਨੂੰ ਸਾੜਿਆ ਅਤੇ ਨਾਲ ਹੀ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਵਾਂਗ ਪੰਜਾਬ ਸਰਕਾਰ ਵੀ ਬਿਜਲੀ ਰੇਟ ਘੱਟ ਕਰੇ। ਦਰਅਸਲ, ਬੀਤੇ ਕੱਲ੍ਹ ਤੋਂ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਬਿੱਲ ਸਾੜੇ ਜਾ ਰਹੇ ਹਨ। 

'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਬਿਜਲੀ ਦੇ ਮੁੱਦਿਆਂ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਵਿਧਾਨ ਸਭਾ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਚੁੱਕਦੀ ਆ ਰਹੀ ਹੈ। ਲੋਕਾਂ ਦੇ ਮਾਮਲੇ ਹੱਲ ਕਰਵਾਉਣ ਲਈ ਹੁਣ ਆਮ ਆਦਮੀ ਪਾਰਟੀ ਜਨ ਅੰਦੋਲਨ ਕਰ ਰਹੀ ਹੈ। ਪੰਜਾਬ ਵਿੱਚ ਸਰਕਾਰ ਵੱਲੋਂ ਨਿੱਜੀ ਕੰਪਨੀਆਂ ਨਾਲ ਕੀਤੇ ਗਏ ਸਮਝੌਤਿਆਂ ਕਰਕੇ ਪੰਜਾਬ ਦੇ ਲੋਕਾਂ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। 

ਸਰਕਾਰ ਦੀਆਂ ਨੀਤੀਆਂ ਕਰਕੇ ਹੀ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਨਿੱਜੀ ਕੰਪਨੀਆਂ ਨੂੰ ਦੇਣਾ ਪੈ ਰਿਹਾ ਹੈ, ਕਿਉਂਕਿ ਜਿਹੜਾ ਕਮਿਸ਼ਨ ਪਹਿਲਾਂ ਅਕਾਲੀਆਂ ਨੂੰ ਜਾਂਦਾ ਸੀ, ਉਹ ਹੀ ਕਮਿਸ਼ਨ ਹੁਣ ਸੱਤਾਧਾਰੀ ਪਾਰਟੀ ਕੋਲ ਜਾਂਦਾ ਹੈ। ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਸਭ ਤੋਂ ਜ਼ਿਆਦਾ ਯੂਨਿਟ ਦੇ ਉਪਰ ਟੈਕਸ ਲਗਾਇਆ ਜਾਂਦਾ ਹੈ, ਜੋ ਕਿ ਚੰਡੀਗੜ੍ਹ ਵਿੱਚ 9 ਪੈਸੇ, ਯੂਪੀ ਵਿੱਚ 5 ਪੈਸੇ ਅਤੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ 1 ਰੁਪਏ 33 ਪੈਸੇ ਟੈਕਸ ਯੂਨਿਟ ਉਪਰ ਲਗਾਇਆ ਜਾਂਦਾ ਹੈ। 

ਇਹ ਸਰਕਾਰ ਦੀਆਂ ਨੀਤੀਆਂ ਕਰਕੇ ਹੀ ਹੈ ਕਿ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ। ਜੇਕਰ ਕਾਂਗਰਸੀਆਂ ਅਤੇ ਅਕਾਲੀਆਂ ਦੀ ਆਪਣੀਆਂ ਜੇਬਾਂ ਭਰਨ ਦੀਆਂ ਨੀਤੀਆਂ ਨਾ ਹੁੰਦੀਆਂ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਵਾਂਗ ਮੁਫਤ ਬਿਜਲੀ ਮਿਲਦੀ। ਆਪ ਆਗੂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕੋਰੋਨਾ ਮਹਾਂਮਾਰੀ ਦੇ ਇਸ ਭਿਆਨਕ ਦੌਰ ਵਿਚ ਵੀ ਆਮ ਜਨਤਾ ਨੂੰ ਆਰਥਕ ਤੌਰ 'ਤੇ ਲੁੱਟਣ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ।