ਰੁਜ਼ਗਾਰ ਮੰਗਦਿਆਂ ਦੀ ਹਾਲਤ ਖ਼ਰਾਬ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 08 2021 15:26
Reading time: 1 min, 27 secs

ਲੰਘੇ ਕਰੀਬ ਪੌਣੇ ਮਹੀਨੇ ਤੋਂ ਨੌਕਰੀਆਂ ਦੀ ਮੰਗ ਲਈ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਦੋ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਬੀਐਸਐਨਐਲ ਟਾਵਰ 'ਤੇ ਪਿਛਲੇ 19 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ, ਜਿਨ੍ਹਾਂ ਦੀ ਹਾਲਤ ਇਸ ਵੇਲੇ ਬੇਹੱਦ ਖ਼ਰਾਬ ਹੁੰਦੀ ਜਾ ਰਹੀ ਹੇ। ਦਰਅਸਲ, ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਮੰਗ ਹੈ ਕਿ, ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ। 

ਜਦੋਂਕਿ ਸੂਬਾ ਸਰਕਾਰ ਉਨ੍ਹਾਂ 'ਤੇ ਲਾਠੀਆਂ ਬਰਸਾ ਰਹੀ ਹੈ। 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਆਗੂ ਗੁਰਸੰਗਤ ਸਿੰਘ ਨੇ ਦੱਸਿਆ ਕਿ ਰੁਜ਼ਗਾਰ ਦੀ ਮੰਗ ਲਈ ਉਨ੍ਹਾਂ ਦੀ ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ, ਪਰ ਸਰਕਾਰ ਦੁਆਰਾ ਉਨ੍ਹਾਂ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਜਿਸ ਦੇ ਕਾਰਨ ਬੇਰੁਜ਼ਗਾਰ ਅਧਿਆਪਕਾਂ ਵਿੱਚ ਭਾਰੀ ਰੋਸ ਹੈ। 

ਗੁਰਸੰਗਤ ਸਿੰਘ ਨੇ ਦੱਸਿਆ ਕਿ ਬੀਐਸਐਨਐਲ ਟਾਵਰ 'ਤੇ ਲਗਾਤਾਰ 19 ਦਿਨਾਂ ਤੋਂ ਭੁੱਖੇ ਪਿਆਸੇ ਦੋ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਡਟੇ ਹੋਏ ਹਨ। ਲਗਾਤਾਰ ਭੁੱਖੇ ਪਿਆਸੇ ਬੈਠਣ ਕਾਰਨ ਦੋਵੇਂ ਬੇਰੁਜਗਾਰਾਂ ਅਧਿਆਪਕਾਂ ਵਿੱਚ ਸਰੀਰਕ ਹਾਲਤ ਦਿਨ-ਬ-ਦਿਨ ਵਿਗੜਨ ਲੱਗ ਪਈ ਹੈ। 

ਦੋਵੇਂ ਬੇਰੁਜਗਾਰ ਅਧਿਆਪਕਾਂ ਦੀ ਹਾਲਤ ਹੁਣ ਐਨੀ ਨਾਜ਼ੁਕ ਹੋ ਗਈ ਹੈ ਕਿ ਉਨ੍ਹਾਂ ਤੋਂ ਨਾ ਤਾਂ ਠੀਕ ਤਰੀਕੇ ਨਾਲ ਬੋਲਿਆ ਜਾ ਰਿਹਾ ਹੈ। ਨਾ ਹੀ ਦੋਵੇਂ ਬੇਰੁਜਗਾਰ ਅਧਿਆਪਕਾਂ ਕੋਲੋਂ ਹੁਣ ਖੜ੍ਹੇ ਹੋਣ ਦੀ ਤਾਕਤ ਰਹੀ। ਜੇਕਰ ਉਹ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੀਆਂ ਲੱਤਾਂ ਅਤੇ ਹੱਥ ਕੰਬਣ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦੋਵੇਂ ਬੇਰੁਜਗਾਰ ਅਧਿਆਪਕਾਂ ਨੂੰ ਖਾਣ ਲਈ ਕਿਹਾ ਗਿਆ। 

ਪ੍ਰੰਤੂ ਦੋਵੇਂ ਬੇਰੁਜਗਾਰ ਅਧਿਆਪਕਾਂ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ, ਜਦੋਂ ਤੱਕ ਸਾਡੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਅਸੀਂ ਕੁਝ ਵੀ ਨਹੀਂ ਖਾਵਾਂ ਪੀਵਾਂਗੇ। ਪਟਿਆਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਦੋਵੇਂ ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕੋਈ ਵੀ ਗੰਭੀਰਤਾ ਨਹੀਂ ਦਿਖਾਈ ਦੇ ਰਹੀ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਹੱਲ ਕੱਢਣ ਦੀ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ।