ਵਿੱਦਿਅਕ ਸੰਸਥਾਵਾਂ ਨੂੰ ਖੁੱਲ੍ਹਵਾਉਣ ਲਈ ਸੜਕਾਂ 'ਤੇ ਵਿਦਿਆਰਥੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 08 2021 15:24
Reading time: 1 min, 40 secs

ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀ ਇਸ ਵੇਲੇ ਵਿੱਦਿਅਕ ਸੰਸਥਾਵਾਂ ਖੁੱਲ੍ਹਵਾਉਣ ਦੇ ਲਹੀ ਸੜਕਾਂ 'ਤੇ ਹਨ। ਮੰਗ ਇੱਕੋ ਹੀ ਹੈ ਕਿ ਆਨਲਾਈਨ ਪੜ੍ਹਾਈ ਦਾ ਸ਼ੋਸ਼ਾ ਬੰਦ ਕਰਕੇ, ਸਕੂਲ ਕਾਲਜ ਖੋਲ੍ਹ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇ। ਦਰਅਸਲ, ਲੰਘੇ ਮਹੀਨੇ ਕੈਪਟਨ ਹਕੂਮਤ ਨੇ ਸਕੂਲਾਂ ਕਾਲਜਾਂ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਸੀ, ਜਦੋਂਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਬਾਰੇ ਕਿਹਾ ਗਿਆ ਸੀ, ਜੋ ਕਿ ਹੁਣ ਵੀ ਜਾਰੀ ਹੈ। 

ਪਰ, ਲੰਘੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆ ਸਕੂਲਾਂ ਕਾਲਜਾਂ ਨੂੰ 30 ਅਪ੍ਰੈਲ ਤੱਕ ਬੰਦ ਰੱਖਣ ਦਾ ਹੁਕਮ ਸੁਣਾਇਆ ਹੈ। ਕੈਪਟਨ ਦੇ ਇਸ ਹੁਕਮ ਤੋਂ ਖਫ਼ਾ ਹੋਏ ਵਿਦਿਆਰਥੀ ਅਤੇ ਅਧਿਆਪਕ ਸੜਕਾਂ 'ਤੇ ਉਤਰ ਆਏ ਹਨ ਅਤੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਵਿਦਿਅਕ ਸੰਸਥਾਵਾਂ ਖੋਲ੍ਹਣ ਦੀ ਮੰਗ ਲਈ ਅੱਜ ਪੰਜਾਬ ਭਰ ਵਿੱਚ ਰੋਸ ਮਾਰਚ ਕੀਤੇ ਗਏ।

ਇਸ ਤੋਂ ਇਲਾਵਾ ਨਵੀਂ ਸਿੱਖਿਆ ਨੀਤੀ 2020 ਅਤੇ ਵਿਦਿਆਰਥੀਆਂ ਵਿਰੋਧੀ ਫੁਰਮਾਨਾਂ ਦੀਆਂ ਦੀਆਂ ਕਾਪੀਆਂ ਸਾੜੀਆਂ ਗਈਆਂ। 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਪੰਜਾਬ ਸਟੂਡੈਟਸ ਯੂਨੀਅਨ ਲਲਕਾਰ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਜੱਸਲ, ਪੀ ਐੱਸ ਯੂ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਕਾਲਾਝਾੜ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਕਰਨਵੀਰ ਸਾਰੋਂ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਦੀਪ ਹਥਨ ਨੇ ਦੱਸਿਆ ਕਿ, ਸੂਬਾ ਸਰਕਾਰ ਕੇਂਦਰ ਦੇ ਰਾਹ ਪੈ ਗਈ ਹੈ। 

ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕੇਂਦਰ ਦੇ ਰਸਤੇ ਚੱਲਦਿਆਂ ਸਿੱਖਿਆ ਦਾ ਘਾਣ ਕਰ ਰਹੀ ਹੈ। ਕੇਂਦਰ ਦੁਆਰਾ ਲਿਆਂਦੀ ਸਿੱਖਿਆ ਨੀਤੀ ਨੂੰ ਪੰਜਾਬ ਸਰਕਾਰ ਲਾਗੂ ਕਰਨ ਲਈ ਕਾਹਲੀ ਹੈ। ਪਹਿਲਾਂ ਤੋਂ ਹੀ ਕਰੋਨਾ ਦੇ ਬਹਾਨੇ ਨਾਲ ਇੱਕ ਸਾਲ ਵਿਦਿਅਕ ਸੰਸਥਾਵਾਂ ਬੰਦ ਰਹੀਆਂ ਸਨ, ਜਦੋਂ ਕਿ ਵਿਦਿਆਰਥੀ ਪੜਾਈ ਤੋਂ ਦੂਰ ਹੋਏ ਹਨ, ਹੁਣ ਫੇਰ ਕੈਪਟਨ ਸਰਕਾਰ ਵਿੱਦਿਅਕ ਸੰਸਥਾਵਾਂ ਬੰਦ ਕਰਕੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ।

ਕੈਪਟਨ ਸਰਕਾਰ ਇਹ ਮਨਸ਼ਾ ਸਾਫ ਹੈ ਕਿ ਕੈਪਟਨ ਸਰਕਾਰ ਦੋਗਲਾ ਕਿਰਦਾਰ ਨਿਭਾ ਰਹੀ ਹੈ। ਇੱਕ ਪਾਸੇ ਪੰਜਾਬ ਸਰਕਾਰ ਕੇਂਦਰ ਸਰਕਾਰ ਦਾ ਵਿਰੋਧ ਕਰਦੀ ਹੈ, ਦੂਜੇ ਪਾਸੇ ਕੇਂਦਰ ਦੁਆਰਾ ਲਿਆਂਦੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦੀ ਹੋਈ ਆਨਲਾਈਨ ਸਿੱਖਿਆ ਨੂੰ ਬੜਾਵਾ ਦੇ ਰਹੀ ਹੈ। ਕਰੋਨਾ ਦੇ ਡਰਾਮੇ ਹੇਠ ਦੁਆਰਾ ਫੇਰ ਵਿਦਿਅਕ ਸੰਸਥਾਵਾਂ ਬੰਦ ਕਰਨ ਦੀ ਤਰੀਕ ਵਧਾ ਕੇ 30 ਅਪ੍ਰੈਲ ਕਰ ਦਿੱਤੀ ਗਈ ਹੈ, ਜੋ ਕਿ ਵਿਦਿਆਰਥੀਆਂ ਦੇ ਬਰਦਾਸ਼ਤ ਤੋਂ ਬਾਹਰ ਹੈ।