ਸਰਕਾਰੀ ਬੀਮਾ ਕੰਪਨੀਆਂ ਅਤੇ ਸਰਕਾਰੀ ਕੋਲਾ ਖਾਨਾਂ ਨੂੰ ਹੁਕਮਰਾਨਾਂ ਨੇ ਕਾਰਪੋਰੇਟ ਹੱਥਾਂ ਵਿੱਚ ਦੇ ਦਿੱਤਾ ਹੈ। ਵੱਡੀ ਗੱਲ ਇਹ ਹੈ ਕਿ ਭਾਵੇਂ ਹੀ ਹੁਕਮਰਾਨ ਦੇ ਵਜ਼ੀਰ ਕਹਿ ਰਹੇ ਨੇ, ਕਿ ਰੇਲਵੇ ਨੂੰ ਨਹੀਂ ਵੇਚਿਆ ਗਿਆ, ਪਰ ਕਈ ਰੇਲਵੇ ਸਟੇਸ਼ਨਾਂ ਦਾ ਤਾਂ ਨਿੱਜੀਕਰਨ ਹੋ ਚੁੱਕਿਆ ਐ। ਇਹ ਗੱਲ ਰੇਲਵੇ ਦੇ ਅਧਿਕਾਰੀ ਕਹਿ ਚੁੱਕੇ ਹਨ। ਅਹਿਮ ਜਿਹੜੀ ਗੱਲ ਕਹਿਣੀ ਬਣਦੀ ਐ, ਉਹ ਇਹ ਹੈ ਕਿ ਹੁਣ ਤਾਂ, ਉਹ ਜ਼ਮੀਨ ਹੀ ਅਵਾਮ ਪੱਲੇ ਰਹਿ ਗਈ ਹੈ।
ਜਿਸ ਵਿੱਚੋਂ ਅੰਨ ਉੱਗਦਾ ਹੈ, ਜੇਕਰ ਉਹ ਵੀ ਸਾਡੇ ਕੋਲੋਂ ਹੁਕਮਰਾਨਾਂ ਨੇ ਖੋਹ ਲਈ ਤਾਂ, ਫਿਰ ਮਾਰੀ ਜਾਊਗੀ ਜਨਤਾ, ਢਿੱਡ ਚੌੜੇ ਕਰਕੇ ਸਭ ਖਾਣਗੇ ਲੀਡਰ ਅਤੇ ਕਾਰਪੋਰੇਟ ਘਰਾਣੇ। ਮੌਜੂਦਾ ਵਕਤ ਵਿੱਚ, ਜੇਕਰ ਕੋਈ ਸਰਕਾਰੀ ਵਿਭਾਗਾਂ, ਸਰਕਾਰੀ ਕੰਪਨੀਆਂ ਅਤੇ ਰੇਲਵੇ ਦੇ ਵਿਕਣ ਬਾਰੇ ਲਿਖਦਾ, ਬੋਲਦਾ ਜਾਂ ਫਿਰ ਸੰਘਰਸ਼ ਕਰਦਾ ਹੈ ਤਾਂ, ਉਹਨੂੰ ਹੁਕਮਰਾਨ ਜੇਲ੍ਹ ਦੀ ਹਵਾ ਖਵਾਈ ਜਾ ਰਹੇ ਹਨ।
ਮੁਲਕ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇਸ ਤਰ੍ਹਾਂ ਹੁੰਦੀਆਂ ਨੇ, ਜਿਵੇਂ ਪੰਚਾਇਤੀ ਇਲੈਕਸ਼ਨ ਹੁੰਦੇ ਹੋਣ। ਰੌਲੇ ਰੱਪੇ ਤੋਂ ਬਿਨ੍ਹਾਂ ਕੋਈ ਚੋਣ ਸਿਰੇ ਨਹੀਂ ਚੜ ਰਹੀ। ਈਵੀਐਮ ਵਿੱਚ ਪਤਾ ਨਹੀਂ ਕੀ ਰੱਖਿਆ, ਜਿਹੜੀ ਹੁਕਮਰਾਨਾਂ ਨੂੰ ਪਿਆਰੀ ਲੱਗ ਰਹੀ ਹੈ ਅਤੇ ਹੁਕਮਰਾਨ ਈਵੀਐਮ ਨਾਲ ਜਿੱਤ ਕੇ, ਸੱਤਾ ਬਟੋਰ ਰਹੇ ਨੇ। ਸਾਡੇ ਮੁਲਕ ਅੰਦਰ ਇਸ ਵੇਲੇ ਬਲਾਤਕਾਰ, ਲੁੱਟਖੋਹ ਤੋਂ ਇਲਾਵਾ ਕਤਲ ਏਨੇ ਜ਼ਿਆਦਾ ਵੱਧ ਚੁੱਕੇ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ।
ਹੁਕਮਰਾਨਾਂ ਦੀ ਸ਼ਹਿ 'ਤੇ ਅੱਜ ਸ਼ਰੇਆਮ ਦਲਿਤਾਂ, ਸਿੱਖਾਂ, ਮੁਸਲਮਾਨਾਂ ਤੋਂ ਇਲਾਵਾ ਆਦਿਵਾਸੀਆਂ ਅਤੇ ਰੌਹਿੰਗੀਆਂ ਮੁਸਲਮਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਮੁਲਕ ਦੇ ਕਈ ਰਾਜਾਂ ਵਿੱਚ ਹਾਲਾਤ ਐਹੋ ਜਿਹੇ ਬਣ ਚੁੱਕੇ ਹਨ ਕਿ, ਧਾਰਮਿਕ ਸਥਾਨਾਂ ਵਿੱਚੋਂ ਮੁਸਲਮਾਨਾਂ ਨੂੰ ਪਾਣੀ ਪੀਣ ਤੋਂ ਵੀ ਰੋਕਿਆ ਜਾ ਰਿਹਾ ਹੈ। ਭਾਰਤ ਅੰਦਰ ਰਹਿੰਦੇ ਮੁਸਲਮਾਨਾਂ 'ਤੇ ਅੱਤਵਾਦ ਦਾ ਟੈਗ ਮੜਿਆ ਜਾ ਰਿਹਾ ਹੈ।