ਝੂਠੇ ਲਾਰਿਆਂ ਨੇ ਰਗੜ ਸੁੱਟੀ ਅਵਾਮ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 08 2021 15:20
Reading time: 1 min, 15 secs

ਮੁਲਕ ਇਸ ਵੇਲੇ ਵਿਕਣ 'ਤੇ ਹੁਕਮਰਾਨਾਂ ਨੇ ਲਾਇਆ ਹੋਇਆ ਐ। ਦੇਸ਼ ਦੀਆਂ ਸਰਕਾਰੀ ਕੰਪਨੀਆਂ ਅਤੇ ਵਿਭਾਗਾਂ ਤੋਂ ਇਲਾਵਾ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਕੇ, ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਭ ਕੁੱਝ ਸੌਂਪਿਆ ਜਾ ਰਿਹਾ ਹੈ। ਵੈਸੇ, ਹੁਕਮਰਾਨ ਟੈਕਸ ਤਾਂ ਅਵਾਮ ਕੋਲੋਂ ਲੈਂਦੇ ਨੇ, ਪਰ ਅਵਾਮ ਦੇ ਟੈਕਸ ਨਾਲ ਬਣੇ ਜਨਤਕ ਅਦਾਰੇ, ਭੋਂਏ ਦੇ ਭਾਅ ਆਪਣੇ 'ਕਰੀਬੀਆਂ' ਨੂੰ ਵੇਚੀ ਤੁਰੀ ਜਾ ਰਹੇ ਹਨ। 

ਹੁਕਮਰਾਨ ਦੁਆਰਾ, ਉਜਾੜਾ ਈ ਕਰਨਾ ਮੁਲਕ ਦਾ, ਜਿਵੇਂ ਮਰਜ਼ੀ ਕਰੀ ਚੱਲੇ! ਜਨਤਾ ਟੈਕਸ ਭਰਦੀ ਹੈ ਤਾਂ, ਜੋ ਉਨ੍ਹਾਂ ਨੂੰ ਮੁਲਕ ਦੇ ਅੰਦਰ ਸੁੱਖ ਸਹੂਲਤਾਂ, ਸਿਹਤ ਸੁਵਿਧਾਵਾਂ, ਸਿੱਖਿਆ ਤੋਂ ਇਲਾਵਾ ਆਵਾਜਾਈ ਲਈ ਸਾਧਨ ਅਤੇ ਖਾਣ ਨੂੰ ਚੱਜ ਦੀ ਰੋਟੀ ਮਿਲੇ, ਪਰ ਟੈਕਸ ਭਰਨ ਦੇ ਬਾਅਦ ਵੀ ਇਹ ਸਭ ਸਹੂਲਤਾਂ ਜਨਤਾ ਨੂੰ ਤਾਂ ਮਿਲਦੀਆਂ ਨਹੀਂ, ਪਰ ਉਨ੍ਹਾਂ ਲੋਕਾਂ ਨੂੰ ਜ਼ਰੂਰ ਮਿਲ ਜਾਂਦੀਆਂ ਨੇ, ਜਿਹੜੇ ਹੁਕਰਮਾਨਾਂ ਦੇ ਸੱਜੇ ਖੱਬੇ ਹੁੰਦੇ ਨੇ। 

ਮੁਲਕ ਦੇ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਹੁਕਮਰਾਨਾਂ ਵੱਲੋਂ ਕਰ ਦਿੱਤਾ ਗਿਆ ਹੈ ਅਤੇ ਇਸੇ ਮਹੀਨੇ ਹੀ ਉਨ੍ਹਾਂ ਦਾ ਮੱਕੂ ਪੂਰੀ ਤਰ੍ਹਾਂ ਨਾਲ ਠੱਪਿਆ ਜਾਊਗਾ। ਖੇਤੀ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਵਾੜ ਦਿੱਤਾ ਗਿਆ ਹੈ ਤਾਂ, ਜੋ ਕਿਸਾਨੀ ਨੂੰ ਉਜਾੜਿਆ ਜਾ ਸਕੇ ਅਤੇ ਕਾਰਪੋਰੇਟਰਾਂ ਨੂੰ ਫ਼ਾਇਦਾ ਪਹੁੰਚਾਇਆ ਜਾ ਸਕੇ। ਸਿੱਖਿਆ ਨੀਤੀ ਵਿੱਚ ਸੁਧਾਰ ਕਰਕੇ, ਮੁਲਕ ਦੇ ਅੰਦਰ ਮਿਥਿਹਾਸ ਨੂੰ ਮੂਹਰੇ ਲਿਆਉਣ 'ਤੇ ਜ਼ੋਰ ਦਿੱਤਾ ਜਾ ਰਿਹਾ। 

ਚੌਧਰੀ ਚਰਨ ਸਿੰਘ ਹਵਾਈ ਅੱਡੇ 'ਤੇ ਅੰਡਾਨੀ ਗਰੁੱਪ ਦਾ ਬੋਰਡ ਲੱਗ ਚੁੱਕਿਆ ਐ, 50 ਸਾਲਾਂ ਲਈ। ਮਤਲਬ ਕਿ, ਅੰਡਾਨੀ ਗਰੁੱਪ ਨੂੰ ਸਰਕਾਰੀ ਹਵਾਈ ਅੱਡਾ ਚੌਧਰੀ ਚਰਨ ਸਿੰਘ 50 ਸਾਲਾਂ ਲਈ ਹੁਕਮਰਾਨਾਂ ਨੇ ਵੇਚ ਸੁੱਟਿਆ ਐ। ਏਅਰ ਇੰਡੀਆ ਦੀ ਬੋਲੀ ਦਾ ਕੰਮ ਪੂਰਾ ਹੋਣ ਵਾਲਾ ਹੈ ਅਤੇ ਮਈ-ਜੂਨ ਮਹੀਨੇ ਵਿੱਚ ਇਹ ਹਵਾਈ ਅੱਡਾ ਵੀ ਕਿਸੇ ਕਾਰਪੋਰੇਟ ਘਰਾਣੇ ਹੱਥ ਸੌਂਪ ਦਿੱਤਾ ਜਾਵੇਗਾ।