ਕੀ ਇਸ ਵਾਰ ਬਿਜਲੀ ਵਿਭਾਗ ਰਹੇਗਾ ਚੌਕੰਨਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 07 2021 14:52
Reading time: 1 min, 41 secs

ਕਈ ਕਿਸਾਨਾਂ ਦੀ ਕਣਕ ਦੀ ਫ਼ਸਲ ਹਰ ਸਾਲ ਹੀ ਬਿਜਲੀ ਦੀ ਚਗਿਆੜੀਆਂ ਦੀ ਭੇਟ ਚੜ ਜਾਂਦੀ ਹੈ। ਹਰ ਵਾਰ ਹੀ ਵਿਭਾਗ ਹੱਸ ਕੇ ਵਿਖਾ ਦਿੰਦਾ ਹੈ ਅਤੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਵੀ ਪ੍ਰਾਪਤ ਨਹੀਂ ਹੁੰਦਾ। ਕਿਸਾਨਾਂ ਦੁਆਰਾ ਹਰ ਸਾਲ ਹੀ ਸਰਕਾਰ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਹਨ ਕਿ, ਬਿਜਲੀ ਦੀਆਂ ਤਾਰਾਂ, ਜੋ ਢਿੱਲੀਆਂ ਹਨ, ਉਨ੍ਹਾਂ ਨੂੰ ਕਣਕ ਦੀ ਫ਼ਸਲ ਪੱਕਣ ਤੋਂ ਪਹਿਲੋਂ ਕੱਸਿਆ ਜਾਵੇ ਜਾਂ ਫਿਰ ਕਣਕ ਦੀ ਵਾਢੀ ਸਮੇਂ, ਬਿਜਲੀ ਸੀਮਤ ਦਿੱਤੀ ਜਾਵੇ। 

ਪਰ ਵਿਭਾਗ, ਹਰ ਵਾਰ ਹੀ ਕੁੰਭਕਰਨੀ ਨੀਂਦ ਸੁੱਤਾ ਰਹਿੰਦਾ ਹੈ। ਇਸ ਵਾਰ ਕਣਕ ਦੀ ਵਾਢੀ ਤੋਂ ਪਹਿਲੋਂ ਹੀ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਕਣਕ ਦੀ ਵਾਢੀ ਦੇ ਸੀਜ਼ਨ ਮੌਕੇ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। 

ਕਣਕ ਦੀ ਕਟਾਈ ਸਮੇਂ ਬਿਜਲੀ ਦੀਆ ਤਾਰਾਂ ਢਿੱਲੀਆ ਹੋਣ, ਬਿਜਲੀ ਦੇ ਟਰਾਂਸਫਰ ਤੋਂ ਨਿਕਲੇ ਚਗਿਆੜਿਆ ਕਾਰਨ, ਮਜ਼ਦੂਰ ਦੁਆਰਾ ਸੁੱਟੀ ਸੁਲਗਦੀ ਬੀੜੀ ਸਿਗਰਟ ਕਾਰਨ ਜਾਂ ਕਿਸੇ ਹੋਰ ਅਣਗਹਿਲੀ ਕਾਰਨ ਕਣਕ ਦੀ ਫਸਲ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ ਇਸ ਲਈ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਦੀ ਉੱਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਕਣਕ ਦੀ ਕਟਾਈ ਸਮੇਂ ਕੰਬਾਈਨ ਹਾਰਵੈਸਟਰ ਛੱਤਰੀ ਸਮੇਤ ਆਸਾਨੀ ਨਾਲ ਨਿਕਲ ਸਕੇ। 

ਕੰਬਾਈਨ ਹਾਰਵੈਸਟਰ ਨੂੰ ਖੰਬਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਟਕਰਾਉਣ ਤੋਂ ਬਚਾਇਆ ਜਾਣਾ ਚਾਹੀਦਾ ਹੈ। ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਰ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਬਿਜਲੀ ਨਿਗਮ ਨੂੰ ਦੇ ਕੇ ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਕਰਵਾ ਲੈਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਅੱਗ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। 

ਇਸ ਦੇ ਨਾਲ ਹੀ ਦੂਜਾ ਕੰਮ ਜੋ ਇਸ ਵੇਲੇ ਕਰਨ ਵਾਲਾ ਉਹ ਇਹ ਹੈ, ਕਿ ਖੇਤਾਂ ਵਿੱਚ ਮੌਜੂਦ ਟਰਾਂਸਫਾਰਮਰਾਂ ਦੇ ਆਲੇ ਦੁਆਲਿਉਂ ਤਕਰੀਬਨ ਇੱਕ ਮਰਲੇ ਦੇ ਰਕਬੇ ਵਿੱਚੋਂ ਕਣਕ ਦੀ ਕਟਾਈ ਕਰਕੇ ਵੱਖਰੀ ਰੱਖਣੀ। ਆਮ ਦੇਖਿਆ ਗਿਆ ਹੈ ਕਿ ਇਨਾਂ ਦਿਨਾਂ ਦੌਰਾਨ ਟਰਾਂਸਫਾਰਮਰ/ਜੀਓ ਸਵਿੱਚ ਦੀ ਸਪਾਰਕਿੰਗ ਕਾਰਨ ਨਿਕਲੇ ਚੰਗਿਆਂੜਿਆਂ ਨਾਲ ਕਣਕ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ। ਇਸ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਸ ਵਕਤ ਕਣਕ ਦੀ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਟਰਾਂਸਫਾਰਮਰ ਦੇ ਆਲੇ ਦੁਆਲਿਉਂ ਤਕਰੀਬਨ ਇੱਕ ਮਰਲੇ ਰਕਬੇ ਵਿੱਚੋਂ ਕਣਕ ਦੀ ਕਟਾਈ ਹੱਥ ਨਾਲ ਕਰਕੇ, ਵੱਖਰੀ ਸਾਂਭ ਲੈਣੀ ਚਾਹੀਦੀ ਹੈ।