ਮੰਡੀਆਂ ਵਿੱਚ ਨਹੀਂ ਰੁਲੇਗਾ ਅੰਨਦਾਤਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 07 2021 14:50
Reading time: 1 min, 14 secs

ਹਰ ਛੇ ਮਹੀਨੇ ਬਾਅਦ ਹੀ ਸਰਕਾਰ ਦੁਆਰਾ ਇਹ ਦਾਅਵਾ ਕੀਤਾ ਜਾਂਦਾ ਰਹਿੰਦਾ ਹੈ, ਕਿ ਇਸ ਵਾਰ ਮੰਡੀਆਂ ਵਿੱਚ ਅੰਨਦਾਤਾ ਨਹੀਂ ਰੁਲੇਗਾ। ਪਰ ਇਸ ਦਾਅਵੇ ਦੇ ਬਾਵਜੂਦ ਵੀ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਈ ਕਈ ਦਿਨ ਆਪਣੀ ਫ਼ਸਲ ਵੇਚਣ ਲਈ ਬੈਠਣਾ ਪੈਂਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਏਹ ਕਿ, ਲੀਡਰ ਜਿਹੜੇ 5 ਸਾਲਾਂ ਬਾਅਦ ਕਿਸਾਨਾਂ ਕੋਲੋਂ ਹੀ ਵੋਟਾਂ ਮੰਗਣ ਜਾਂਦੇ ਹਨ, ਉਹ ਵੀ ਕਿਸਾਨਾਂ ਦੀ ਬਾਤ ਆ ਕੇ ਮੰਡੀ ਵਿੱਚ ਨਹੀਂ ਪੁੱਛਦੇ। 

ਸਰਕਾਰ ਦੁਆਰਾ ਇਸ ਵਾਰ ਦਾਅਵਾ ਕੀਤਾ ਗਿਆ ਹੈ, ਕਿ ਕਿਸੇ ਵੀ ਕਿਸਾਨ ਨੂੰ ਮੰਡੀ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ, ਪਰ ਇਸ ਦੇ ਨਾਲ ਹੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਖ਼ਾਸ ਅਪੀਲ ਵੀ ਕੀਤੀ ਹੈ। ਦਰਅਸਲ, ਪੰਜਾਬ ਦੀ ਕੈਪਟਨ ਸਰਕਾਰ ਵੱਲੋਂ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਲਈ ਕਿਸਾਨਾਂ ਨੂੰ ਸੁੱਕੀ ਫਸਲ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕੀਤੀ ਹੈ। 

ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਨੇ ਅੱਜ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਫਿਰੋਜ਼ਪੁਰ ਵਿੱਚ ਢੁਕਵੇਂ ਖਰੀਦ ਪ੍ਰਬੰਧ ਕੀਤੇ ਗਏ ਹਨ ਅਤੇ ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਸਾਰੀਆਂ ਮੰਡੀਆਂ ਵਿੱਚ ਸਿਹਤ ਸੁਰੱਖਿਆ ਸਾਵਧਾਨੀਆਂ ਨੂੰ ਸਖਤੀ ਨਾਲ ਅਪਣਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਜ਼ਿਲ੍ਹੇ ਵਿੱਚ ਮਾਰਕੀਟ ਕਮੇਟੀਆਂ ਵੱਲੋਂ ਕਣਕ ਦੀ ਖ਼ਰੀਦ ਲਈ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। 

ਮੰਡੀਆਂ ਵਿੱਚ ਮੰਡੀ ਬੋਰਡ, ਮਾਰਕੀਟ ਕਮੇਟੀਆਂ ਅਤੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ, ਕਿਸਾਨਾਂ, ਆੜ੍ਹਤੀਆਂ ਅਤੇ ਲੇਬਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ ਸਾਵਧਾਨੀਆਂ ਵਰਤੀਆਂ ਜਾਣਗੀਆਂ। ਉਨ੍ਹਾਂ ਜ਼ਿਲੇ ਦੇ ਕਿਸਾਨਾਂ ਨੂੰ ਕਣਕ ਦੀ ਵਾਢੀ ਮੌਕੇ ਜਰੂਰੀ ਸਾਵਧਾਨੀਆਂ ਰੱਖਣ ਦੀ ਵੀ ਅਪੀਲ ਕੀਤੀ ਹੈ, ਤਾਂ ਜੋ ਇਸ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਰੋਕਦੇ ਹੋਏ ਸਾਫ਼ ਸੁਥਰੀ ਫ਼ਸਲ ਤਿਆਰ ਕਰਕੇ ਮੰਡੀ ਵਿਚ ਭੇਜੀ ਜਾ ਸਕੇ।